ਬਾਲੀਵੁੱਡ ਦੇ ਪੰਜਾਬੀ ਗਾਇਕ ਮੀਕਾ ਸਿੰਘ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਪਹੁੰਚੇ ਅਤੇ ਅਗਲੇ ਦਿਨ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਯੋਗਾ ਕਰਨ ਵਾਲੀ ਲੜਕੀ ਦੀਆਂ ਤਸਵੀਰਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਤਸਵੀਰਾਂ ਨਹੀ ਖਿੱਚੀਆ ਗਈਆਂ ਤੇ ਨਾ ਹੀ ਮੀਡੀਆ ਨੂੰ ਅਜਿਹਾ ਕਰਨ ਲਈ ਕਿਹਾ ਗਿਆ ।
ਮੀਕਾ ਨੇ ਦੱਸਿਆ ਉਹ ਹਰ ਸਾਲ ਹਰਿਮੰਦਰ ਸਾਹਿਬ ਆਉਂਦੇ ਹਨ। ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਮੀਕਾ ਸਿੰਘ ਨੇ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਯੋਗਾ ਕਰ ਰਹੀ ਲੜਕੀ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਸ਼ੁਰੂ ਹੋਏ ਵਿਵਾਦ ‘ਤੇ ਦੋ ਹੁਕਮ ਜਾਰੀ ਕੀਤੇ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੋਈ ਵੀ ਮੋਬਾਈਲ ਤੇ ਕੈਮਰਿਆਂ ਦੀ ਬੇਲੋੜੀ ਵਰਤੋਂ ਨਹੀਂ ਕਰੇਗਾ । ਇਸਦੇ ਨਾਲ ਹੀ ਉਨ੍ਹਾਂ ਨੇ ਫ਼ਿਲਮੀ ਹਸਤੀਆਂ ਨੂੰ ਆਪਣੇ ਕੈਮਰੇ ਲੈ ਕੇ ਪਰਿਕਰਮਾ ਕਰਦੇ ਸਮੇ ਸ਼ੂਟਿੰਗ ਕਰਨ ਤੋਂ ਵਰਜਿਆ ਤੇ ਕਿਹਾ ਕਿ ਇਹ ਧਾਰਮਿਕ ਸਥਾਨ ਹੈ । ਇੱਥੇ ਕੇਵਲ ਮੱਥਾ ਟੇਕਣ ਅਤੇ ਗੁਰੂ ਸਾਹਿਬਾਨ ਦੇ ਨਾਮ ਜਪਣ ਲਈ ਹੀ ਆਉਣਾ ਚਾਹੀਦਾ ਹੈ ।
ਮੀਕਾ ਸਿੰਘ ਨਵੇਂ ਪ੍ਰੋਜੈਕਟ ਦੀ ਤਿਆਰੀ ਵਿਚ ਹਨ। ਮੀਕਾ ਨੇ ਆਪਣੇ ਨਵੇਂ ਪ੍ਰੋਜੈਕਟਸ ਬਾਰੇ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਉਹ ਜਲਦੀ ਹੀ ਕੁਝ ਨਵਾਂ ਕਰਨ ਜਾ ਰਹੇ ਹਨ, ਜਿਸ ਦੇ ਵੇਰਵੇ ਉਹ ਜਲਦੀ ਹੀ ਸਾਂਝੇ ਕਰਨਗੇ । ਅਜੇ ਦੋ ਮਹੀਨੇ ਪਹਿਲਾਂ ਹੀ ਉਨ੍ਹਾਂ ਦੇ ਨਵੇਂ ਗੀਤ ਕਰਤਮ -ਕਰਤਮ ਦਾ ਟਾਈਟਲ ਗੀਤ ਰਿਲੀਜ਼ ਹੋਇਆ ਸੀ ।