spot_imgspot_img
Homeपंजाबਕਰੀਬ 3.1 ਕਰੋੜ ਰੁਪਏ ਦੀ ਲਾਗਤ ਨਾਲ ਰਮਦਾਸ ਰੇਲਵੇ ਸਟੇਸ਼ਨ ਦਾ ਕੀਤਾ...

ਕਰੀਬ 3.1 ਕਰੋੜ ਰੁਪਏ ਦੀ ਲਾਗਤ ਨਾਲ ਰਮਦਾਸ ਰੇਲਵੇ ਸਟੇਸ਼ਨ ਦਾ ਕੀਤਾ ਜਾਵੇਗਾ ਨਵੀਨੀਕਰਨ – ਕੁਲਦੀਪ ਸਿੰਘ ਧਾਲੀਵਾਲ

- Advertisement -

ਅੰਮ੍ਰਿਤਸਰ: ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਵਿਭਾਗ ਦੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਕੀਤਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਵਲੋਂ ਰਮਦਾਸ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਕਰਨ ਲਈ 3 ਕਰੋੜ 1 ਲੱਖ 78 ਹਜ਼ਾਰ ਰੁਪਏ ਜਾਰੀ ਕੀਤੇ ਹਨ। ਜਿਸ ਨਾਲ ਯਾਤਰੂਆਂ ਦੀ ਸੁਵਿਧਾਵਾਂ ਲਈ ਰਮਦਾਸ/ਆਰ.ਡੀ.ਐਸ. ਰੇਲਵੇ ਸਟੇਸ਼ਨ ਵਿਖੇ ਉੱਚ ਪੱਧਰੀ ਪੱਕਾ ਪਲੇਟਫਾਰਮ ਬਣਾਉਣ, ਰੇਲਗੱਡੀਆਂ ਦੀ ਉਡੀਕ ਕਰ ਰਹੇ ਯਾਤਰੀਆਂ ਲਈ ਆਸਰਾ/ਸ਼ੈਡ, ਰੋਸ਼ਨੀ ਅਤੇ ਪੱਖੇ ਵਰਗੀਆਂ ਜਨਤਕ ਸਹੂਲਤਾਂ ਦੇ ਨਾਲ ਪੀਣ ਵਾਲੇ ਪਾਣੀ ਦੀ ਸਹੂਲਤ ਆਦਿ ਪ੍ਰਬੰਧ ਵੀ ਕੀਤੇ ਜਾਣਗੇ।

ਉਨਾਂ ਕਿਹਾ ਕਿ ਇਕ ਮਹੀਨਾ ਪਹਿਲਾਂ ਹੀ ਅੱਜ ਦੇ ਦਿਨ ਉਨਾਂ ਵਲੋਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲ ਕੇ ਰਮਦਾਸ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਲਈ ਗੱਲਬਾਤ ਕੀਤੀ ਗਈ ਸੀ ਅਤੇ ਉਨਾਂ ਵਲੋਂ ਪੂਰੇ ਇਕ ਮਹੀਨੇ ਦੇ ਅੰਦਰ ਅੰਦਰ ਇਸ ਕੰਮ ਨੂੰ ਕਰ ਦਿੱਤਾ ਹੈ।

ਸ: ਧਾਲੀਵਾਲ ਨੇ ਕਿਹਾ ਕਿ ਉਨਾਂ ਵਲੋਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਅਜਨਾਲਾ-ਬੱਲੜ੍ਹਵਾਲ ਸਰਹੱਦੀ ਖੇਤਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਰੇਲ ਮਾਰਗ ਰਾਹੀਂ ਪੂਰੇ ਭਾਰਤ ਨਾਲ ਜੋੜਨ ਦਾ ਮੁੱਦਾ ਵੀ ਉਠਾਇਆ ਗਿਆ ਸੀ, ਜਿਸ ਤੇ ਉਨਾਂ ਵਲੋਂ ਆਪਣੀ ਸਹਿਮਤੀ ਦਿੱਤੀ ਗਈ ਸੀ।

ਸ. ਧਾਲੀਵਾਲ ਨੇ ਰਮਦਾਸ/ਆਰ.ਡੀ.ਐਸ. ਰੇਲਵੇ ਸਟੇਸ਼ਨ ਦਾ ਨਾਮ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ‘ਤੇ ਰੱਖਣ ਦੀ ਮੰਗ ਵੀ ਉਠਾਈ ਹੈ, ਜੋ ਕਿ ਲੋਕਾਂ ਵਿੱਚ ਬਹੁਤ ਸਤਿਕਾਰੇ ਜਾਂਦੇ ਹਨ। ਸ. ਧਾਲੀਵਾਲ ਨੇ ਕਿਹਾ ਕਿ ਕੇਂਦਰੀ ਰੇਲ ਰਾਜ ਮੰਤਰੀ ਕੋਲ ਇਸ ਸਟੇਸ਼ਨ ‘ਤੇ ਰੇਲ ਗੱਡੀਆਂ ਦੀ ਆਵਾਜਾਈ 04 ਜੋੜਿਆਂ ਤੋਂ ਵਧਾ ਕੇ ਘੱਟੋ-ਘੱਟ 06 ਜੋੜੇ ਕਰਨ ਦੀ ਮੰਗ ਵੀ ਕੀਤੀ ਹੈ ਤਾਂ ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਜ਼ਿਆਦਾਤਰ ਲੋਕਾਂ ਦੀ ਅਣਮੁੱਲੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਵੇਰਕਾ ਤੋਂ ਅੰਮ੍ਰਿਤਸਰ ਜਾਂ ਇਸ ਤੋਂ ਅੱਗੇ ਚੱਲਣ ਵਾਲੀਆਂ ਟਰੇਨਾਂ ਨੂੰ ਵਧਾਉਣ ਦੀ ਮੰਗ ਵੀ ਕੇਂਦਰੀ ਮੰਤਰੀ ਤੋਂ ਕੀਤੀ ਗਈ ਹੈ।

ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਵਿਚਕਾਰ ਰੇਲ ਸੇਵਾ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਖੇਤਰ ਦੇ ਲੋਕਾਂ ਦੀ ਸਹੂਲਤ ਲਈ, ਪਿੰਡ ਬੱਲੜ੍ਹਵਾਲ (ਜੋ ਕਿ ਭਾਰਤ-ਪਾਕਿ ਵੰਡ ਤੋਂ ਇੱਕ ਵੱਡਾ ਵਪਾਰਕ ਕੇਂਦਰ ਸੀ) ਰਾਹੀਂ ਰੇਲ ਸੰਪਰਕ ਦੀ ਲੋੜ ਹੈ।

ਲੋਕਾਂ ਦੀਆਂ ਮੈਡੀਕਲ, ਰੋਜ਼ਗਾਰ ਅਤੇ ਵਿੱਦਿਅਕ ਆਦਿ ਲੋੜਾਂ ਪੂਰੀਆਂ ਕਰਨ ਵਾਲੇ ਪ੍ਰਮੁੱਖ ਸ਼ਹਿਰ ਵਜੋਂ ਅੰਮ੍ਰਿਤਸਰ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ, ਪ੍ਰਵਾਸੀ ਭਾਰਤੀ ਮਾਮਲਿਆਂ ਵਿਭਾਗ ਦੇ ਮੰਤਰੀ ਨੇ ਕਿਹਾ ਹੈ ਕਿ ਰੇਲ ਨੈੱਟਵਰਕ ਨਾਲ ਜੁੜਨ ਨਾਲ ਮੈਡੀਕਲ ਮਰੀਜ਼ਾਂ, ਉਦਯੋਗਿਕ ਮਜ਼ਦੂਰਾਂ ਅਤੇ ਮਜ਼ਦੂਰ ਵਰਗ ਅਤੇ ਵਿਦਿਆਰਥੀ ਆਦਿ ਸਮੇਤ ਵੱਡੀ ਪੱਧਰ ‘ਤੇ ਲੋਕਾਂ ਦੀ ਸੇਵਾ ਹੋਵੇਗੀ।

ਉਨ੍ਹਾਂ ਅੱਗੇ ਕਿਹਾ, ‘‘ਪ੍ਰਸਤਾਵਿਤ ਕੁਨੈਕਟੀਵਿਟੀ ਨਾ ਸਿਰਫ਼ ਸਥਾਨਕ ਲੋਕਾਂ ਨੂੰ ਸਹੂਲਤ ਦੇਵੇਗੀ ਬਲਕਿ ਧਾਰਮਿਕ ਸੈਰ-ਸਪਾਟੇ ਨੂੰ ਹੁਲਾਰਾ ਦੇਣ ਵਿੱਚ ਵੀ ਮਦਦਗਾਰ ਹੋਵੇਗੀ। ਬਾਬਾ ਬੁੱਢਾ ਸਾਹਿਬ ਜੀ ਦੇ ਜੋਤੀ ਜੋਤ ਅਸਥਾਨ ਕਾਰਨ ਇਸ ਖੇਤਰ ਦੀ ਉੱਚ ਧਾਰਮਿਕ ਮਹੱਤਤਾ ਹੈ, ਇੱਕ ਇਤਿਹਾਸਕ ਗੁਰੂਦੁਆਰਾ ਬਾਬਾ ਗਮਚੱਕ ਜੀ ਵੀ ਬੱਲੜ੍ਹਵਾਲ ਵਿਖੇ ਸਥਿਤ ਹੈ।’’ ਉਨ੍ਹਾਂ ਕਿਹਾ ਕਿ, ‘‘ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਲਗਾਤਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦੇ ਨਾਲ-ਨਾਲ ਇਸ ਖੇਤਰ ਵਿੱਚ ਆਉਂਦੇ ਹਨ’’। ਉਨਾਂ ਕਿਹਾ ਕਿ ਕੇਂਦਰੀ ਰੇਲ ਰਾਜ ਮੰਤਰੀ ਸ. ਰਵਨੀਤ ਸਿੰਘ ਬਿੱਟੂ ਨੇ ਇਹ ਵੀ ਭਰੋਸਾ ਦਿੱਤਾ ਸੀ ਕਿ ਰਮਦਾਸ ਰੇਲਵੇ ਸਟੇਸ਼ਨ ਨੂੰ 6 ਮਹੀਨੇ ‘ਚ ਨਵੀਂ ਦਿੱਖ ਦਿੱਤੀ ਜਾਵੇਗੀ ਅਤੇ ਇਸ ਸਟੇਸ਼ਨ ਦਾ ਨਾਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ‘ਤੇ ਰੱਖਿਆ ਜਾਵੇਗਾ। ਕੇਂਦਰੀ ਮੰਤਰੀ ਨੇ ਅਜਨਾਲਾ-ਬੱਲੜ੍ਹਵਾਲ ਸਰਹੱਦੀ ਖੇਤਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਰੇਲ ਮਾਰਗ ਰਾਹੀਂ ਪੂਰੇ ਭਾਰਤ ਨਾਲ ਜੋੜਨ ਦੀ ਮੰਗ ਨੂੰ ਵੀ ਸਿਧਾਂਤਕ ਪ੍ਰਵਾਨਗੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਨੂੰ ਛੇਤੀ ਹੀ ਵਿਚਾਰਿਆ ਜਾਵੇਗਾ। ਉਨਾਂ ਨੇ ਕੇਂਦਰੀ ਰੇਲ ਰਾਜ ਮੰਤਰੀ ਸ. ਰਵਨੀਤ ਸਿੰਘ ਬਿੱਟੂ ਦਾ ਅਜਨਾਲਾ ਹਲਕੇ ਦੇ ਲੋਕਾਂ ਵਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਿਨਾਂ ਨੇ ਮੇਰੀ ਬੇਨਤੀ ਨੂੰ ਇਕ ਮਹੀਨੇ ਦੇ ਅੰਦਰ ਪ੍ਰਵਾਨ ਕਰਦੇ ਹੋਏ ਅਮਲੀ ਜਾਮਾ ਦਿੱਤਾ ਹੈ।

ਸ: ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਸਾਡੀ ਸਰਕਾਰ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਸਾਡਾ ਫਰਜ ਬਣਦਾ ਹੈ ਕਿ ਅਸੀਂ ਵਿਰੋਧੀ ਪਾਰਟੀਆਂ ਵਿੱਚ ਉਲਝ ਕੇ ਸਮਾਂ ਖਰਾਬ ਨਾ ਕਰੀਏ ਅਤੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰੀਏ। ਉਨਾਂ ਕਿਹਾ ਕਿ ਸਾਡੀ ਸਰਕਾਰ ਵਲੋਂ ਰਮਦਾਸ ਹਲਕੇ ਵਿੱਚ ਕੀਤੇ ਵਿਕਾਸ ਦੇ ਕੰਮ ਪ੍ਰਤੱਖ ਪ੍ਰਮਾਣ ਹਨ। ਉਨਾਂ ਕਿਹਾ ਕਿ ਅਸੀਂ ਲੋਕਾਂ ਨੂੰ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਹਰ ਹੀਲੇ ਪੂਰੇ ਕਰਾਂਗੇ।

RELATED ARTICLES

Advertisement

spot_imgspot_img

Advertisement

spot_imgspot_img

-VIDEO ADVERTISEMENT-

-VIDEO ADVERTISEMENT-

Most Popular