spot_imgspot_img
Homeपंजाबਪਰਾਲੀ ਨੂੰ ਅੱਗ ਲਾਉਣ ਵਾਲਿਆਂ ਵਿਰੁੱਧ ਪ੍ਰਸ਼ਾਸ਼ਨ ਹੋਇਆ ਸਖਤ

ਪਰਾਲੀ ਨੂੰ ਅੱਗ ਲਾਉਣ ਵਾਲਿਆਂ ਵਿਰੁੱਧ ਪ੍ਰਸ਼ਾਸ਼ਨ ਹੋਇਆ ਸਖਤ

ਸੁਲਤਾਨਪੁਰ ਲੋਧੀ: ਜਿਲ੍ਹਾ ਪ੍ਰਸ਼ਾਸ਼ਨ ਕਪੂਰਥਲਾ ਵਲੋਂ ਪਰਾਲੀ ਨੂੰ ਅੱਗ ਲਾਏ ਜਾਣ ਤੋਂ ਰੋਕਣ ਲਈ ਜਿੱਥੇ ਵੱਡੀ ਪੱਧਰ ’ਤੇ ਪਿੰਡ-ਪਿੰਡ ਜਾ ਕੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਹੀ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਚਲਾਨ ਕਰਨ ਦੇ ਨਾਲ-ਨਾਲ ਐਫ.ਆਈ.ਆਰ ਵੀ ਦਰਜ ਕੀਤੀਆਂ ਜਾ ਰਹੀਆਂ ਹਨ।

ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿਚ  ਐਸ.ਡੀ.ਐਮ ਅਪਰਣਾ ਦੀ ਅਗਵਾਈ ਵਿਚ ਕਨਵੀਨਰ ਡਾ. ਜਸਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡੀ.ਐਸ.ਪੀ. ਜੋਗਾ ਸਿੰਘ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀਆਂ ਟੀਮਾਂ ਵਲੋਂ ਚੱਕ ਕੋਟਲਾ , ਸੇਂਚ, ਸ਼ਾਲਾਪੁਰ ਦੋਨਾ, ਦੀਪੇਵਾਲ , ਡਡਵਿੰਡੀ ਤੇ ਸ਼ਤਾਬਗੜ੍ਹ ਵਿਖੇ ਕਿਸਾਨਾਂ ਨੂੰ ਜਾਣੂੰ ਕਰਵਾਇਆ ਗਿਆ।

ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਵਲੋਂ ਰੋਜ਼ਾਨਾ 10 ਦੇ ਕਰੀਬ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਸਬਸਿਡੀ ਉੱਪਰ ਮਿਲੀ ਮਸ਼ੀਨਰੀ ਦੀ ਸਹੀ ਵਰਤੋਂ ਕਰਕੇ ਪਰਾਲੀ ਦਾ ਖੇਤਾਂ ਵਿਚ ਹੀ ਨਿਪਟਾਰਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਜਿਲ੍ਹੇ ਵਿਚ ਲਗਭਗ 32 ਦੇ ਕਰੀਬ ਬੇਲਰ ਵੀ ਚੱਲ ਰਹੇ ਹਨ ਤਾਂ ਜੋ ਪਰਾਲੀ ਨੂੰ ਗੱਠਾਂ ਬਣਾਕੇ ਬਾਇਲਰ ਯੂਨਿਟਾਂ ਵਿਚ ਬਾਲਣ ਦੇ ਤੌਰ ’ਤੇ ਵਰਤਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਪਰਾਲੀ ਨੂੰ ਅੱਗ ਲੱਗਣ ਦੇ ਮਾਮਲਿਆਂ ਵਿਚ ਅੱਜ ਸਖਤ ਕਾਰਵਾਈ ਕਰਦੇ ਹੋਏ ਸ਼ਤਾਬਗੜ੍ਹ ਦੇ 2 ਕਿਸਾਨਾਂ ਵਿਰੁੱਧ ਸੁਲਤਾਨਪੁਰ ਲੋਧੀ ਤੇ ਕਬੀਰਪੁਰ ਥਾਣੇ ਵਿਖੇ ਐਫ.ਆਈ.ਆਰ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਚਾਲਾਨ ਕਰਕੇ 2500 ਤੋਂ ਲੈ ਕੇ 15000 ਰੁਪੈ ਤੱਕ ਜੁਰਮਾਨਾ ਵਸੂਲਿਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਸਬਸਿਡੀ ਉੱਪਰ ਦਿੱਤੀ ਮਸ਼ੀਨਰੀ ਦਾ ਸਹੀ ਇਸਤੇਮਾਲ ਕਰਦੇ ਹੋਏ ਪਰਾਲੀ ਨੂੰ ਸਾੜਨ ਦੀ ਥਾਂ ਖੇਤਾਂ ਵਿਚ ਨਿਪਟਾਰਾ ਕਰਨ ਜਿਸ ਨਾਲ ਨਾ ਸਿਰਫ ਜ਼ਮੀਨ ਦੀ ਸਿਹਤ ਵਿਚ ਸੁਧਾਰ ਹੋਵੇਗਾ ਸਗੋਂ ਵਾਤਾਵਰਣ ਸੰਭਾਲ ਵਿਚ ਵੀ ਮਦਦ ਮਿਲੇਗੀ।

RELATED ARTICLES
- Advertisment -spot_imgspot_img

Most Popular