ਲੁਧਿਆਣਾ: ਵਿਸ਼ਵ ਪ੍ਰਸਿੱਧ ਕਥਾ ਵਾਚਕ ਤੇ ਉੱਘੇ ਲੇਖਕ ਗਿਆਨੀ ਪਿੰਦਰਪਾਲ ਸਿੰਘ ਨੇ ਬੀਤੇ ਕੱਲ੍ਹ(ਐਤਵਾਰ) ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਹੋਰਨਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਪੁਰਾਤਨ ਤੇ ਨਵੀਨ ਸਾਹਿੱਤ ਪੜ੍ਹਨ ਦੀ ਬਿਰਤੀ ਘਟਣ ਕਾਰਨ ਪੰਜਾਬ ਦੀ ਬੌਧਿਕ ਪਰੰਪਰਾ ਕਮਜ਼ੋਰ ਪੈ ਰਹੀ ਹੈ। ਗਿਆਨ ਦੇ ਸੋਮਿਆਂ ਤੀਕ ਖ਼ੁਦ ਪਹੁੰਚਣ ਦੀ ਥਾਂ ਅਸੀਂ ਕਿਸੇ ਹੋਰ ਦੇ ਪੜ੍ਹੇ ਪੜ੍ਹਾਏ ਤੇ ਨਿਰਭਰ ਹੋ ਰਹੇ ਹਾਂ। ਇਸ ਬਾਰੇ ਸਭ ਧਿਰਾਂ ਨੂੰ ਸਿਰ ਜੋੜ ਕੇ ਸ਼ਬਦ ਚੇਤਨਾ ਲਹਿਰ ਚਲਾਉਣ ਦੀ ਸਖ਼ਤ ਲੋੜ ਹੈ।
ਉਨ੍ਹਾਂ ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ “ਗੁਰਮੁਖੀ ਵਿਰਸਾ ਤੇ ਵਰਤਮਾਨ ਹੱਥ ਲਿਖਤਾਂ ਦੇ ਪ੍ਰਸੰਗ ਵਿੱਚ” ਤੇ ਖਾਲਸਾ ਪੰਥ ਦੇ ਪਰਚਮ ਦਾ ਇੱਕ ਪੰਨਾ “ਮੋਰਚਾ ਗੰਗ ਸਰ ਜੈਤੋ” ਭੇਂਟ ਕੀਤੀਆਂ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਗਿਆਨੀ ਪਿੰਦਰਪਾਲ ਸਿੰਘ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਸਿੱਖਿਆ, ਧਰਮ, ਖੇਡ ਸੱਭਿਆਚਾਰ ਤੇ ਲੋਕ ਸੇਵਾ ਅਦਾਰਿਆਂ ਨੂੰ ਸਿਰ ਜੋੜ ਕੇ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਖ਼ੁਸ਼ੀ ਗ਼ਮੀ ਦੇ ਮੌਕੇ ਕਿਤਾਬਾਂ ਦਾ ਆਦਾਨ ਪ੍ਰਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 16 ਸਾਲ ਤੋਂ ਲਗਾਤਾਰ ਅਸੀਂ ਪਿੰਡ ਕੋਟਲਾ ਸ਼ਾਹੀਆ(ਬਟਾਲਾ) ਵਿਖੇ ਹਰ ਸਾਲ ਖਿਡਾਰੀਆਂ ਨੂੰ ਨਕਦ ਇਨਾਮਾਂ ਦੇ ਨਾਲ ਨਾਲ ਤਿੰਨ ਕਿਤਾਬਾਂ ਦਾ ਸੈੱਟ ਵੀ ਭੇਂਟ ਕਰਦੇ ਹਾਂ ਜਿਸ ਵਿੱਚ ਇੱਕ ਕਿਤਾਬ ਧਰਮ ਨਾਲ ਸਬੰਧਤ, ਦੂਸਰੀ ਖੇਡਾਂ ਨਾਲ ਸਬੰਧਤ ਤੇ ਤੀਸਰੀ ਨਿਰੋਲ ਸਾਹਿੱਤ ਨਾਲ ਸਬੰਧਤ ਹੁੰਦੀ ਹੈ। ਖਿਡਾਰੀਆਂ ਦੇ ਸਰੀਰਕ ਬਲ ਦੇ ਨਾਲ ਨਾਲ ਮਾਨਸਿਕ ਵਿਕਾਸ ਲਈ ਵੀ ਹੁਣ ਤੀਕ ਕੀਤੇ ਯਤਨ ਚੰਗੇ ਨਤੀਜੇ ਦੇ ਰਹੇ ਹਨ। ਪ੍ਰੋ. ਗਿੱਲ ਨੇ ਗਿਆਨੀ ਪਿੰਦਰਪਾਲ ਸਿੰਘ ਨੂੰ ਆਪਣੀ ਲਾਇਬਰੇਰੀ ਵਿੱਚੋਂ ਪੰਥ ਰਤਨ ਮਾਸਟਰ ਤਾਰਾ ਸਿੰਘ ਵੱਲੋਂ ਲਿਖੀਆਂ ਗਈਆਂ ਪੰਜ ਪੁਸਤਕਾਂ ਦਾ ਸੈੱਟ ਤੇ ਕੁਝ ਹੋਰ ਮਹੱਤਵਪੂਰਨ ਪੁਸਤਕਾਂ ਦਾ ਪਰਾਗਾ ਭੇਂਟ ਕੀਤਾ। ਪ੍ਰੋ. ਗਿੱਲ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਸਿਰਫ਼ ਸਿਆਸੀ ਆਗੂ ਨਹੀਂ ਬਲਕਿ ਇੱਕ ਰਾਸ਼ਟਰਵਾਦੀ ਸਿੱਖ ਨੇਤਾ ਸਨ ਜਿਨ੍ਹਾਂ ਨੇ ਕੌਮਾਂਤਰੀ ਪੱਧਰ ’ਤੇ ਸਿੱਖ ਪਛਾਣ ਨੂੰ ਸਥਾਪਿਤ ਕਰਨ ਦੇ ਨਾਲ ਨਾਲ ਜੰਗੇ ਆਜ਼ਾਦੀ ਵਿੱਚ ਵੀ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਦੀਆਂ ਪੁਸਤਕਾਂ ਵਿੱਚੋਂ ਨਾਵਲ ਪ੍ਰੇਮ ਲਗਨ ਤੇ ਬਾਬਾ ਤੇਗਾ ਸਿੰਘ ਵਿੱਚੋਂ ਉਨ੍ਹਾਂ ਦੀ ਦੂਰ-ਅੰਦੇਸ਼ ਸੋਚ ਤੇ ਵਿਲੱਖਣ ਸ਼ਖ਼ਸੀਅਤ ਸਾਫ਼ ਨਜ਼ਰ ਆਉਂਦੀ ਹੈ।ਇਨ੍ਹਾਂ ਪੁਸਤਕਾਂ ਦਾ ਪ੍ਰਕਾਸ਼ਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਕੀਤਾ ਹੈ।
ਇਸ ਮੌਕੇ ਸ. ਜਸਜੀਤ ਸਿੰਘ ਨੱਤ ਯੂ ਐੱਸ ਏ। ਅੰਮ੍ਰਿਤਪਾਲ ਸਿੰਘ ਗਿੱਲ, ਸ. ਕਸ਼ਮੀਰ ਸਿੰਘ ਵਿਰਕ, ਸਰਦਾਰਨੀ ਜਸਵਿੰਦਰ ਕੌਰ ਗਿੱਲ, ਰਵਨੀਤ ਕੌਰ ਗਿੱਲ ਬੇਟੀ ਅਸੀਸ ਕੌਰ ਤੇ ਸਰਦਾਰਨੀ ਕੁਲਦੀਪ ਕੌਰ ਗਿੱਲ ਵੀ ਹਾਜ਼ਰ ਸਨ। ਗਿਆਨੀ ਪਿੰਦਰਪਾਲ ਸਿੰਘ ਨੇ ਬੇਟੀ ਸਿਰਜਣ ਕੌਰ ਗਿੱਲ ਦੇ ਜਨਮ ਦਿਨ ਮੌਕੇ ਆਸ਼ੀਰਵਾਦ ਵੀ ਦਿੱਤਾ।