ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ 1994 ’ਚ ਤਿੰਨ ਲੋਕਾਂ ਦੇ ਕਤਲ ਨਾਲ ਜੁੜੇ ਇਕ ਮਾਮਲੇ ’ਚ ਹੇਠਲੀ ਅਦਾਲਤ ਨੂੰ ਸੁਣਵਾਈ ਤੇਜ਼ ਕਰਨ ਲਈ ਕਿਹਾ ਹੈ ਜਿਸ ’ਚ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ (DGP) ਸੁਮੇਧ ਸਿੰਘ ਸੈਣੀ ਇਕ ਮੁਲਜ਼ਮ ਹਨ। ਹਾਲਾਂਕਿ, ਹਾਈ ਕੋਰਟ ਨੇ ਕੇਸ ਨੂੰ ਕਿਸੇ ਹੋਰ ਅਦਾਲਤ ’ਚ ਤਬਦੀਲ ਕਰਨ ਤੋਂ ਇਨਕਾਰ ਕਰ ਦਿਤਾ। ਅਦਾਲਤ ਨੇ ਕਿਹਾ ਕਿ ਇਸ ਸਬੰਧ ’ਚ ਪਟੀਸ਼ਨ ਨੂੰ ਮਨਜ਼ੂਰ ਕਰਨ ਦਾ ਕੋਈ ਆਧਾਰ ਨਹੀਂ ਹੈ।
ਹਾਈ ਕੋਰਟ ਨੇ ਕਿਹਾ, ‘‘ਇਸ ਅਦਾਲਤ ਨੂੰ ਭਰੋਸਾ ਹੈ ਕਿ ਮੌਜੂਦਾ ਮਾਮਲੇ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਜੱਜ ਮੁਕੱਦਮੇ ਦੇ ਲੰਮੇ ਸਮੇਂ ਤਕ ਲੰਬਿਤ ਰਹਿਣ ਪ੍ਰਤੀ ਓਨੇ ਹੀ ਸੰਵੇਦਨਸ਼ੀਲ ਹੋਣਗੇ ਅਤੇ ਮੁਕੱਦਮੇ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।’’ ਜਸਟਿਸ ਜੋਤੀ ਸਿੰਘ ਨੇ ਹਾਲ ਹੀ ’ਚ ਅਪਣੇ ਹੁਕਮ ’ਚ ਕਿਹਾ, ‘‘ਵਿਸ਼ੇਸ਼ ਜੱਜ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਮਾਮਲੇ ’ਚ ਬੇਲੋੜੀ ਸੁਣਵਾਈ ਨਾ ਕੀਤੀ ਜਾਵੇ।’’
ਪਟੀਸ਼ਨ ’ਚ ਇਸ ਮਾਮਲੇ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਵਿਸ਼ੇਸ਼ ਜੱਜ ਸੁਨੈਨਾ ਸ਼ਰਮਾ ਦੀ ਅਦਾਲਤ ਤੋਂ ਵਧੀਕ ਜ਼ਿਲ੍ਹਾ ਜੱਜ ਨਰੇਸ਼ ਕੁਮਾਰ ਲਾਕਾ ਦੀ ਅਦਾਲਤ ’ਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਹੈ, ਜਿਨ੍ਹਾਂ ਨੇ ਮੌਜੂਦਾ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਵੱਖ-ਵੱਖ ਤਰੀਕਾਂ ’ਤੇ ਮਾਮਲੇ ਦੀ ਵਿਸਥਾਰ ਨਾਲ ਸੁਣਵਾਈ ਕੀਤੀ ਸੀ।
ਇਹ ਕੇਸ ਇੱਥੇ ਰਾਊਜ਼ ਐਵੇਨਿਊ ਅਦਾਲਤ ’ਚ ਚੱਲ ਰਿਹਾ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਹ ਮਾਮਲਾ ਸੱਭ ਤੋਂ ਪੁਰਾਣੇ ਮਾਮਲਿਆਂ ਵਿਚੋਂ ਇਕ ਹੈ ਅਤੇ ਇਸ ਮਾਮਲੇ ਵਿਚ 1994 ਵਿਚ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਪਰ ਸੁਪਰੀਮ ਕੋਰਟ ਨੇ 2004 ’ਚ ਕੇਸ ਨੂੰ ਦਿੱਲੀ ਤਬਦੀਲ ਕਰ ਦਿਤਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਸੀ.ਬੀ.ਆਈ. ਨੇ 18 ਅਪ੍ਰੈਲ 1994 ਨੂੰ ਇਹ ਮਾਮਲਾ ਦਰਜ ਕੀਤਾ ਸੀ।