ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਅੰਮ੍ਰਿਤਸਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਰਣਜੀਤ ਐਵਨਿਊ ਵਿਖੇ ਨਤਮਸਤਕ ਹੋਏ।
ਇਥੇ ਉਨ੍ਹਾਂ ਨੇ ਕੀਰਤਨ ਸਰਵਨ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਕਰਮਜੀਤ ਅਨੋਮਲ ਵੀ ਸਨ। ਇਸ ਮੌਕੇ ਵੱਡੀ ਗਿਣਤੀ ‘ਚ ਸੰਗਤ ਵੀ ਨਜ਼ਰ ਆਈ।
ਇਸ ਤੋਂ ਪਹਿਲਾ ਮੁੱਖ ਮੰਤਰੀ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਵਧਾਈ ਦਿੰਦਿਆਂ ਇਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ “ਸਿੱਖ ਧਰਮ ਦੇ ਬਾਨੀ, ਯੁੱਗ ਪਰਿਵਰਤਕ, ਦੁਨੀਆ ਦੇ ਰਹਿਬਰ, ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਲੱਖ ਲੱਖ ਵਧਾਈਆਂ। ਗੁਰੂ ਸਾਹਿਬ ਜੀ ਨੇ ਨਾ ਸਿਰਫ਼ ਲੋਕਾਂ ਨੂੰ ਵਹਿਮਾਂ-ਭਰਮਾਂ ਵਿੱਚੋਂ ਕੱਢਿਆ ਸਗੋਂ ਦੁਨੀਆ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਵਾਤਾਵਰਨ ਦੀ ਸੰਭਾਲ ਬਾਰੇ ਵੀ ਸੁਨੇਹਾ ਦਿੱਤਾ। ਆਓ ਬਾਬੇ ਨਾਨਕ ਦੇ ਦਰਸਾਏ ਰਾਹ ‘ਤੇ ਚੱਲੀਏ ਤੇ ਉਹਨਾਂ ਦੀਆਂ ਸਿੱਖਿਆਵਾਂ ਅਤੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਈਏ।”