ਕਪੂਰਥਲ਼ਾ : ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਪੂਰਥਲਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਸੱਦਾ ਦਿੰਦਿਆ ਕਿਹਾ ਕਿ ਐਨ.ਡੀ.ਏ ਉਮੀਦਵਾਰਾਂ ਲਈ ਜੋ ਹਥਿਆਰਬੰਦ ਸੈਨਾਵਾਂ ਵਿੱਚ ਬਤੌਰ ਕਮਿਸ਼ਨਡ ਅਫਸਰ ਬਣਨ ਲਈ ਤਿਆਰੀ ਕਰ ਰਹੇ ਹਨ, ਉਹ ਸੈਕਟਰ-77 ਮੋਹਾਲੀ ਵਿੱਚ ਸਥਾਪਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸ ਪ੍ਰੈਪਰੇਟਰੀ ਇੰਸਟੀਚਿਊਟ (ਏ.ਐੱਫ.ਪੀ.ਆਈ) ਨਾਲ ਸੰਪਰਕ ਕਰਨ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਇੰਸਟੀਚਿਊਟ 11ਵੀਂ ਅਤੇ 12ਵੀਂ ਜਮਾਤ ਵਿੱਚ ਪੜ ਰਹੇ ਲੜਕਿਆਂ ਨੂੰ ਵਧੀਆ ਸਿਖਲਾਈ ਸਹੂਲਤਾਂ ਪ੍ਰਦਾਨ ਕਰਦਾ ਹੈ ਅਤੇ ਐਨ.ਡੀ.ਏ ਦੀ ਪ੍ਰੀਖਿਆ ਦੇ ਨਾਲ-ਨਾਲ ਸਰਵਿਸਿਜ਼ ਸਿਲੈਕਸ਼ਨ ਬੋਰਡ ਦੀ ਤਿਆਰੀ ਵਿੱਚ ਵੀ ਮਦਦ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇੰਸਟੀਚਿਊਟ ਵੱਲੋਂ ਸਰੀਰਕ ਅਤੇ ਹੁਨਰ ਦੀ ਸਿਖਲਾਈ ਪ੍ਰਦਾਨ ਕਰਕੇ ਨੌਜਵਾਨ ਲੜਕਿਆਂ ਨੂੰ ਦੇਸ਼ ਦਾ ਚੰਗਾ ਨਾਗਰਿਕ ਬਣਨ ਲਈ ਤਿਆਰ ਕੀਤਾ ਜਾਂਦਾ ਹੈ ।
ਇਸ ਇੰਸਟੀਚਿਊਟ ਵਿੱਚ ਸਿਖਲਾਈ, ਰਹਿਣ-ਸਹਿਣ, ਮੈਸਿੰਗ, ਵਰਦੀਆਂ ਆਦਿ ਦਾ ਪੂਰਾ ਖਰਚਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਅਤੇ ਵਿਦਿਆਰਥੀਆਂ ਨੂੰ ਸਿਰਫ ਸਕੂਲ ਫੀਸਾਂ ਦਾ ਹੀ ਭੁਗਤਾਨ ਕਰਨਾ ਪੈਂਦਾ ਹੈ, ਜੋ ਬਹੁਤ ਜ਼ਿਆਦਾ ਸਬਸਿਡੀ ਵਾਲੀਆਂ ਹੁੰਦੀਆਂ ਹਨ।
ਇਸ ਸੰਸਥਾ ਤੋਂ ਹੁਣ ਤੱਕ ਐਨ ਡੀ ਏ /ਸੇਵਾ ਅਕੈਡਮੀਆਂ ਵਿੱਚ ਸ਼ਾਮਿਲ ਹੋਏ ਕੈਡਿਟਾਂ ਦੀ ਕੁੱਲ ਗਿਣਤੀ 238 ਹੈ, ਜਿਨਾਂ ਵਿੱਚੋਂ 160 ਕੈਡਿਟਾਂ ਨੂੰ ਭਾਰਤੀ ਆਰਮਡ ਫੋਰਸਿਜ਼ ਵਿੱਚ ਬਤੌਰ ਅਫਸਰਾਂ ਵੱਜੋਂ ਕਮਿਸ਼ਨਡ ਦਿੱਤਾ ਗਿਆ ਹੈ। ਮੌਜੂਦਾ ਸਮੇਂ ਵਿੱਚ ਸੰਸਥਾਂ ਦੀ ਸਫਲਤਾ ਦਰ 59 % ਹੈ, ਜੋ ਕਿ ਪੂਰੇ ਦੇਸ਼ ਵਿੱਚ ਕਿਸੇ ਵੀ ਸੈਨਿਕ ਸਕੂਲ/ਮਿਲਟਰੀ ਸਕੂਲ/ਪ੍ਰਾਈਵੇਟ ਟ੍ਰੇਨਿੰਗ ਇੰਸਟੀਚਿਊਟ ਨਾਲੋਂ ਸੱਭ ਤੋਂ ਉੱਤਮ ਹੈ।