ਕੇਂਦਰ ਵਿਚ ਲਗਾਤਾਰ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਨਾਲ ਇਹ ਗੱਲ ਸਾਫ਼ ਹੋ ਗਈ ਹੈ ਕਿ ਦੇਸ਼ ਨੂੰ ਤਰੱਕੀ ਅਤੇ ਬੁਲੰਦੀਆਂ ਦੇ ਰਾਹ ’ਤੇ ਤੋਰਦਿਆਂ ਵਿਸ਼ਵ ਸ਼ਕਤੀ ਬਣਾਉਣ ਲਈ ਸਿਰਫ਼ ਤੇ ਸਿਰਫ਼ ਭਾਰਤੀ ਜਨਤਾ ਪਾਰਟੀ ਦੀ ਸੂਝਵਾਨ ਲੀਡਰਸ਼ਿਪ ਹੀ ਸਮਰੱਥ ਹੈ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਮੁੱਚੇ ਦੇਸ਼ ਦਾ ਸਰਵਪੱਖੀ ਵਿਕਾਸ ਵਰਉਣ ਲਈ ਵਚਨਬੱਧ ਹੈ, ਜਿਸਦਾ ਲਾਭ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਵੱਡੀ ਪੱਧਰ ’ਤੇ ਮਿਲੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਾਭਾ ਗੁਰਤੇਜ ਸਿੰਘ ਢਿੱਲੋਂ ਨੇ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਗੁਰਤੇਜ ਸਿੰਘ ਢਿੱਲੋਂ ਨੇ ਆਖਿਆ ਕਿ ਉਹ ਪਟਿਆਲਾ ਦੇ ਚਹੁਪੱਖੀ ਵਿਕਾਸ ਲਈ ਪਹਿਲਾਂ ਵੀ ਦ੍ਰਿੜ ਰਹੇ ਹਨ ਅਤੇ ਅੱਗੋਂ ਵੀ ਜ਼ਿਲ੍ਹੇ ਦੇ ਲੋਕਾਂ ਲਈ ਸਮਰਪਿਤ ਰਹਿਣਗੇ। ਉਨ੍ਹਾਂ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ‘ਆਪ’ਸਰਕਾਰ ’ਤੇ ਵਿਤਕਰੇਬਾਜ਼ੀ ਦਾ ਦੋਸ਼ ਲਗਾਉਂਦਿਆਂ ਆਖਿਆ ਕਿ ਇਨ੍ਹਾਂ ਸਰਕਾਰਾਂ ਕੇਂਦਰ ਦੇ ਪੈਸੇ ਨਾ ਹੋਣ ਵਾਲੇ ਵਿਕਾਸ ਕਾਰਜਾਂ ’ਚ ਅੜਿੱਕਾ ਡਾਹ ਕੇ ਜ਼ਿਲ੍ਹੇ ਦੀ ਜਨਤਾ ਨਾਲ ਧੋਖਾ ਕੀਤਾ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਵੀ ਪਟਿਆਲਾ ਦੇ ਵੱਖ -ਵੱਖ ਇਲਾਕਿਆਂ ਲਈ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਉਲੀਕ ਚੁੱਕੇ ਹਨ ਜਿਸਦਾ ਜ਼ਿਆਦਾਤਰ ਖਰਚਾ ਕੇਂਦਰ ਸਰਕਾਰ ਦੇ ਸਿਰ ਪੈਣਾ ਹੈ, ਦੇ ਬਾਵਜੂਦ ਮੌਜੂਦਾ ਤੇ ਪਿਛਲੀ ਸਰਕਾਰ ਨੇ ਡੀਪੀਆਰ ਰਿਪੋਰਟਾਂ ਤੱਕ ਵੀ ਕੇਂਦਰ ਨੂੰ ਨਹੀਂ ਭੇਜੀਆਂ।
ਇਸ ਮੌਕੇ ਗੁਰਤੇਜ ਸਿੰਘ ਢਿੱਲੋਂ ਨੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਪਹਿਲਾਂ ਤੋਂ ਪਹਿਲਾਂ ਤੋਂ 800 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪਟਿਆਲਾ ਐਲੀਵੇਟਿਡ ਫਲਾਈਓਵਰ ਪ੍ਰੋਜੈਕਟ ’ਤੇ 800 ਕਰੋੜ ਵਿਚੋਂ 600 ਕਰੋੜ ਰੁਪਏ ਕੇਂਦਰ ਸਰਕਾਰ ਵਲੋਂ ਖਰਚ ਕੀਤਾ ਜਾਣਾ ਹੈ ਜਦੋਂਕਿ ਬਾਕੀ ਸਿਰਫ਼ 200 ਕਰੋੜ ਰੁਪਏ ਸੂਬਾ ਸਰਕਾਰ ਵਲੋਂ। ਇਹ ਪ੍ਰੋਜੈਕਟ ਪਾਸ ਹੋਣ ਦੇ ਬਾਵਜੂਦ ਪਿਛਲੀ ਤੇ ਮੌਜੂਦਾ ਸਰਕਾਰ ਨੇ ਡੀਪੀਆਰ ਰਿਪੋਰਟ ਤਿਆਰ ਕਰਕੇ ਵੀ ਕੇਂਦਰ ਸਰਕਾਰ ਕੋਲ ਨਹੀਂ ਭੇਜੀ। ਜਦੋਂਕਿ ਪਟਿਆਲਾ ਸ਼ਹਿਰ ਅੰਦਰ ਜੇਕਰ ਇਹ ਬਹੁਕਰੋੜੀ ਪ੍ਰੋਜੈਕਟ ਆ ਜਾਂਦਾ ਹੈ ਤਾਂ ਸ਼ਹਿਰ ਵਾਸੀਆਂ ਨੂੰ ਦਿਨੋਂ ਦਿਨ ਵਧਦੀ ਟ੍ਰੈਫਿਕ ਦੀ ਸਮੱਸਿਆ ਤੋਂ ਵੱਡੀ ਨਿਜਾਤ ਮਿਲੇਗੀ।
ਅੱਗੇ ਗੁਰਤੇਜ ਸਿੰਘ ਢਿੱਲੋਂ ਨੇ ਆਖਿਆ ਕਿ ਇਸੇ ਤਰ੍ਹਾਂ ਪਟਿਆਲਾ-ਨਾਭਾ ਰੋਡ ਨੂੰ 32 ਕਰੋੜ 52 ਲੱਖ ਰੁਪਏ ਦੀ ਲਾਗਤ ਨਾਲ ਫੋਰਲੇਨ ਕਰਵਾਉਣ ਦਾ ਬੀੜਾ ਚੁੱਕਿਆ ਹੈ, ਜਿਸਦਾ ਸਾਰਾ ਦਾ ਸਾਰਾ ਖਰਚ ਕੇਂਦਰ ਸਰਕਾਰ ਵਲੋਂ ਚੁੱਕਿਆ ਜਾਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦਾ ਸਿਰਫ਼ ਤੇ ਸਿਰਫ਼ ਕੰਮ ਡੀਪੀਆਰ ਤਿਆਰ ਕਰਕੇ ਕੇਂਦਰ ਨੂੰ ਭੇਜਣਾ ਹੈ ਜਦੋਂਕਿ ਕੇਂਦਰ ਸਰਕਾਰ ਇਨ੍ਹਾਂ ਪ੍ਰੋਜੈਕਟਾਂ ’ਤੇ ਕੰਮ ਸ਼ੁਰੂ ਕਰਨ ਦਾ ਮਨ ਬਣਾਈ ਬੈਠੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਚਹੁਪੱਖੀ ਵਿਕਾਸ ਲਈ ਪਟਿਆਲਾ-ਪਾਤੜਾਂ-ਮੂਨਕ ਰੋਡ ਨੂੰ ਵੀ ਫੋਰਲੇਨ ਕਰਵਾਇਆ ਜਾਵੇਗਾ ਜਿਸਦੀ ਕੁਲ ਲੰਬਾਈ 75.60 ਕਿਲੋਮੀਟਰ ਹੈ। ਉਨ੍ਹਾਂ ਆਖਿਆ ਕਿ ਇਹ ਪ੍ਰੋਜੈਕਟ ਵੀ ਸੀਆਰਆਈਐਫ ਫੰਡ ਰਾਹੀਂ ਮੁਕੰਮਲ ਕਰਵਾਏ ਜਾਣਗੇ ਜਿਸ ’ਤੇ ਸੂਬਾ ਸਰਕਾਰ ਦਾ ਇਕ ਨਵਾਂ ਪੈਸਾ ਵੀ ਖਰਚ ਨਹੀਂ ਆਵੇਗਾ।
ਇਸ ਸਬੰਧੀ ਭਾਜਪਾ ਆਗੂ ਨੇ ਆਖਿਆ ਕਿ ਪਟਿਆਲਾ-ਦੇਵੀਗੜ੍ਹ-ਪੇਹਵਾ ਰੋਡ ਨੂੰ ਵੀ ਫੋਰਲੇਨ ਕਰਵਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਛੋਟੀ ਨਦੀ ਤੋਂ ਪੰਜਾਬ ਦੀ ਹੱਦ ਤੱਕ ਅਤੇ ਅੱਗੇ ਪੇਹਵਾ ਤੱਕ 18 ਕਿਲੋਮੀਟਰ ਹਰਿਆਣਾ ਅੰਦਰ ਪਟਿਆਲਾ ਤੋਂ ਪੇਹਵਾ ਤੱਕ ਕੁਲ 54.50 ਕਿਲੋਮੀਟਰ ਰੋਡ ਨੂੰ ਫੋਰਲੇਨ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਥਾਨਕ ਵਾਸੀਆਂ ਦੀ ਇਹ ਲੰਮੇਂ ਸਮੇਂ ਤੋਂ ਮੰਗ ਲਟਕਦੀ ਆ ਰਹੀ ਹੈ ਜਿਸਨੂੰ ਕੇਂਦਰ ਸਰਕਾਰ ਵਲੋਂ ਮੁਕੰਮਲ ਕਰਵਾਇਆ ਜਾਵੇਗਾ।
ਸ. ਢਿੱਲੋਂ ਨੇ ਕਿਹਾ ਕਿ ਪਟਿਆਲਾ ਏਵੀਏਸ਼ਨ ਕਲੱਬ ਦੀ ਹਵਾਈ ਪੱਟੀ ਜੋ ਕਿ ਇਸ ਸਮੇਂ 3840 ਫੁਟ ਤੋਂ 7000 ਫੁਟ ਚੌੜਾ ਕਰਵਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਰਨਵੇਅ ਨੂੰ ਚੌੜਾ ਕਰਨ ਵਿਚ ਆ ਰਹੀ ਜੋ ਥਾਂ ਦੀ ਸਮੱਸਿਆ ਹੈ ਉਸਨੂੰ ਫੌਜ ਅਤੇ ਏਵੀਏਸ਼ਨ ਕਲੱਬ ਵਿਚਾਲੇ ਜ਼ਮੀਨ ਤਬਾਦਲਾ ਕਰਵਾ ਕੇ ਹਵਾਈ ਪੱਟੀ ਨੂੰ ਚੌੜਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੀ ਇਸ ਕਾਰਜਕਾਲ ’ਚ ਦੇਸ਼ ਦੀਆਂ ਸਮੁੱਚੀਆਂ ਹਵਾਈ ਪੱਟੀਆਂ ਨੂੰ ਚਾਲੂ ਹਾਲਤ ਵਿਚ ਕਰਨ ਲਈ ਵਚਨਬੱਧ ਹੈ ਜਿਸਦਾ ਲਾਭ ਪਟਿਆਲਾ ਵਾਸੀਆਂ ਨੂੰ ਵੀ ਹੋਵੇਗਾ। ਇਸਦੇ ਨਾਲ ਹੀ ਪਟਿਆਲਾ ਏਵੀਸ਼ਨ ਕਲੱਬ ਵਿਖੇ ਵੀਓਆਰ ਨੇਵੀਗੇਸ਼ਨ ਸਿਸਟਮ ਵੀ ਲਗਾਇਆ ਜਾਵੇਗਾ ਜਿਸ ਨਾਲ ਕੋਈ ਵੀ ਜਹਾਜ਼ ਇਥੇ ਅੇਮਰਜੈਂਸੀ ਲੈਂਡਿੰਗ ਕਰ ਸਕੇਗਾ।
ਗੁਰਤੇਜ ਸਿੰਘ ਢਿੱਲੋਂ ਨੇ ਕਿਹਾ ਕਿ ਪਟਿਆਲਾ ਤੋਂ ਦਿੱਲੀ ਰੋਜ਼ਾਨਾ ਜਾਂਦੇ ਛੋਟੇ ਵਪਾਰੀਆਂ ਤੇ ਯਾਤਰੀਆਂ ਦੀ ਸਹੂਲਤ ਲਹੀ ਸੰਗਰੂਰ ਤੋਂ ਵਾਇਆ ਪਟਿਆਲਾ-ਦਿੱਲੀ ਸ਼ਤਾਬਦੀ ਸ਼ੁਰੂ ਕਰਵਾਈ ਜੇਵੇਗੀ। ਜਿਸਦਾ ਜ਼ਿਲ੍ਹੇ ਦੇ ਲੋਕਾਂ ਨੂੰ ਵੱਡੀ ਲਾਭ ਮਿਲੇਗੀ ਅਤੇ ਸਮੇਂ ਦੀ ਬਚਤ ਹੋਵੇਗੀ।
ਇਸ ਸਬੰਧੀ ਭਾਜਪਾ ਆਗੂ ਨੇ ਅਖ਼ੀਰ ’ਚ ਇਹ ਸਾਫ਼ ਕੀਤਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇਸ਼ ਦੇ ਸਮੁੱਚੇ ਰਾਜਾਂ ਦਾ ਬਿਨਾਂ ਪੱਖਪਾਤ ਤੋਂ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਪਰ ਪਿਛਲੀ ਅਤੇ ਮੌਜੂਦਾ ਪੰਜਾਬ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਵਧ ਰਹੀ ਲੋਕਪ੍ਰਿਅਤਾ ਹਜ਼ਮ ਨਹੀਂ ਹੋ ਰਹੀ । ਉਨ੍ਹਾਂ ਅਖੀਰ ’ਚ ਅਪੀਲ ਕੀਤੀ ਕਿ ਉਪਰੋਕਤ ਸਮੁੱਚੇ ਬਹੁਕਰੋੜੀ ਪ੍ਰੋਜੈਕਟਾਂ ਵਿਚ ਪੰਜਾਬ ਸਰਕਾਰ ਦਾ ਨਾਮਾਤਰ ਪੈਸਾ ਖਰਚ ਹੋਣਾ ਹੈ ਜਦੋਂਕਿ ਜ਼ਿਆਦਾਤਰ ਪੈਸਾ ਕੇਂਦਰ ਸਰਕਾਰ ਵਲੋਂ ਖਰਚ ਕੀਤਾ ਜਾਣਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਤੰਗਦਿਲੀ ਨੂੰ ਤਿਆਗਦਿਆਂ ਪਟਿਆਲਾ ਵਾਸੀਆਂ ਦੇ ਹਿੱਤ ’ਚ ਉਪਰੋਕਤ ਸਾਰੇ ਪ੍ਰੋਜੈਕਟਾਂ ਦੀ ਡੀ.ਪੀ.ਆਰ. ਰਿਪੋਰਟ ਤਿਆਰ ਕਰਕੇ ਕੇਂਦਰ ਨੂੰ ਭੇਜਣ। ਉਨ੍ਹਾਂ ਆਖਿਆ ਕਿ ਮੈਂ ਵਾਅਦਾ ਕਰਦਾ ਹੈ ਕਿ ਡੀਪੀਆਰ ਰਿਪੋਰਟਾਂ ਕੇਂਦਰ ਕੋਲ ਪਹੁੰਚਦਿਆਂ ਹੀ ਉਹ ਪੈਰਵੀ ਕਰਕੇ ਇਨ੍ਹਾਂ ਪ੍ਰੋਜੇਕਟਾਂ ਨੂੰ ਜਲਦ ਸ਼ੁਰੂ ਕਰਵਾਉਣਗੇ।