Friday, November 22, 2024
spot_imgspot_img
spot_imgspot_img
Homeपंजाबਪੰਜਾਬ ’ਤੇ ਦਿੱਲੀ ਵਿਚ ਬਿਜਲੀ ਮੁਫ਼ਤ ਹੋ ਸਕਦੀ ਹੈ ਤਾਂ ਹਰਿਆਣਾ ਵਿਚ...

ਪੰਜਾਬ ’ਤੇ ਦਿੱਲੀ ਵਿਚ ਬਿਜਲੀ ਮੁਫ਼ਤ ਹੋ ਸਕਦੀ ਹੈ ਤਾਂ ਹਰਿਆਣਾ ਵਿਚ ਕਿਉਂ ਨਹੀਂ ? : ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਅਨੁਰਾਗ ਢਾਂਡਾ ਨੇ ਐਤਵਾਰ ਨੂੰ ਨਰਾਇਣਗੜ੍ਹ ’ਚ ‘ਪਰਿਵਰਤਨ ਜਨਸਭਾ’ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਸੂਬਾ ਮੀਤ ਪ੍ਰਧਾਨ ਗੁਰਪਾਲ ਸਿੰਘ, ਓਮ ਪ੍ਰਕਾਸ਼ ਗੁੱਜਰ, ਸੁਰਿੰਦਰ ਸਿੰਘ ਰਾਠੀ, ਕਰਨਵੀਰ ਸਿੰਘ ਲੌਟ, ਰਣਜੀਤ ਉੱਪਲ, ਰੋਹਿਤ ਜੈਨ ਅਤੇ ਲਕਸ਼ਮਣ ਵਿਨਾਇਕ ਵੀ ਹਾਜ਼ਰ ਸਨ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘‘ਜਦੋਂ ਸਾਨੂੰ ਪਤਾ ਲੱਗਾ ਕਿ ਅਸੀਂ 5 ਅਕਤੂਬਰ ਨੂੰ ਅਪਣੇ ਬੱਚਿਆਂ ਦੀ ਕਿਸਮਤ ਦਾ ਫੈਸਲਾ ਕਰਨਾ ਹੈ ਤਾਂ ਮੈਨੂੰ ਨਰਾਇਣਗੜ੍ਹ ਆਉਣਾ ਪਿਆ। ਮੈਂ ਇਸ ਲਈ ਰੱਬ ਦਾ ਧੰਨਵਾਦ ਕਰਦਾ ਹਾਂ। ਹਰਿਆਣਾ ਦੇ ਇਕ ਪਾਸੇ ਦਿੱਲੀ, ਦੂਜੇ ਪਾਸੇ ਪੰਜਾਬ ਅਤੇ ਵਿਚਕਾਰ ਹਰਿਆਣਾ ਹੈ। ਦੋਹਾਂ ਥਾਵਾਂ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਦੋਹਾਂ ਥਾਵਾਂ ’ਤੇ ਬਿਜਲੀ ਮੁਫ਼ਤ ਹੈ, ਹਸਪਤਾਲ ਖੁੱਲ੍ਹ ਰਹੇ ਹਨ। ਪਰ ਹਰਿਆਣਾ ’ਚ ਕਿਉਂ ਨਹੀਂ ਬਣਾਏ ਜਾ ਰਹੇ?’’

ਉਨ੍ਹਾਂ ਕਿਹਾ, ‘‘ਹਰਿਆਣਾ ਦੇ ਲੋਕਾਂ ਨੇ ਕਾਂਗਰਸ ਨੂੰ ਕਈ ਵਾਰ ਮੌਕਾ ਦਿਤਾ, ਭਾਜਪਾ ਨੂੰ ਕਈ ਵਾਰ ਮੌਕਾ ਦਿਤਾ, ਇਨੈਲੋ ਨੂੰ ਮੌਕਾ ਦਿਤਾ। ਪਰ ਕੁੱਝ ਵੀ ਨਹੀਂ ਸੁਧਰਿਆ। ਜਦੋਂ ਦਿੱਲੀ ਅਤੇ ਪੰਜਾਬ ’ਚ ਇਸ ਤਰ੍ਹਾਂ ਲੁੱਟ-ਖਸੁੱਟ ਜਾਰੀ ਰਹੀ ਤਾਂ ਲੋਕਾਂ ਨੇ ਨਵਾਂ ਰਾਹ ਲੱਭ ਲਿਆ। ਫਿਰ ਦਿੱਲੀ ਅਤੇ ਪੰਜਾਬ ਦੇ ਲੋਕਾਂ ਨੇ ਅਜਿਹਾ ਟਰੈਕ ਬਣਾਇਆ ਜਿੱਥੇ ਡਬਲ ਇੰਜਣ ਦੀ ਬਜਾਏ ਨਵਾਂ ਇੰਜਣ ਚੱਲਦਾ ਹੈ। 2022 ’ਚ ਪੰਜਾਬ ’ਚ ਮੌਕਾ ਦਿਤਾ, 117 ’ਚੋਂ 92 ਸੀਟਾਂ ਜਿੱਤੀਆਂ। ਜੇਕਰ ਪੰਜਾਬ ਅਤੇ ਦਿੱਲੀ ’ਚ ਸਕੂਲ ਅਤੇ ਹਸਪਤਾਲ ਚੰਗੇ ਹਨ ਤਾਂ ਹਰਿਆਣਾ ’ਚ ਵੀ ਚੰਗੇ ਬਣ ਸਕਦੇ ਹਨ। ਹਰਿਆਣਾ ਨੂੰ ਨਵੇਂ ਇੰਜਣ ਦੀ ਲੋੜ ਹੈ, ਡਬਲ ਇੰਜਣ ਦੀ ਨਹੀਂ।’’ ਉਨ੍ਹਾਂ ਨੇ ਪਿਛਲੇ 78 ਸਾਲਾਂ ਤੋਂ ਹਰਿਆਣਾ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵਧਾਉਣ ਦਾ ਕੰਮ ਕੀਤਾ।

ਉਨ੍ਹਾਂ ਕਿਹਾ ਕਿ ਉਹ ਸ਼ਮਸ਼ਾਨਘਾਟ ਦੀਆਂ ਕੰਧਾਂ ਉੱਚੀਆਂ ਕਰਦੇ ਹਨ ਅਤੇ ਆਮ ਆਦਮੀ ਪਾਰਟੀ ਵਲੋਂ ਸਕੂਲ ’ਚ ਬੈਂਚ, ਵਾਟਰ ਕੂਲਰ ਅਤੇ ਸੋਲਰ ਲਗਾਇਆ ਜਾਂਦਾ ਹੈ। ਨਰਾਇਣਗੜ੍ਹ ਨੂੰ ਜ਼ਿਲ੍ਹਾ ਬਣਾਓ ਤਾਂ ਜੋ ਇਥੇ ਹੀ ਕੰਮ ਹੋ ਸਕਣ। ਮੁੱਖ ਮੰਤਰੀ ਨੇ ਕਿਹਾ, ‘‘ਤੁਸੀਂ ਪੰਜਾਬ ’ਚ ਅਪਣੇ ਰਿਸ਼ਤੇਦਾਰਾਂ ਨੂੰ ਪੁੱਛ ਸਕਦੇ ਹੋ, ਮੈਂ ਪੰਜਾਬ ’ਚ 45 ਹਜ਼ਾਰ ਪੱਕੀ ਨੌਕਰੀਆਂ ਦੇਣ ਤੋਂ ਬਾਅਦ ਤੁਹਾਡੇ ਸਾਹਮਣੇ ਖੜਾ ਹਾਂ। ਜੇ ਕਿਸੇ ਨੇ ਇਕ ਰੁਪਈਆ ਵੀ ਖਰਚਿਆ ਹੋਵੇ, ਬਦਲੇ ’ਚ ਚਾਹ ਪੀਤੀ ਹੋਵੇ ਤਾਂ ਪੁੱਛ ਸਕਦੇ ਹੋ। ਇਕ ਘਰ ’ਚ ਤਿੰਨ ਨੌਕਰੀਆਂ ਵੀ ਮਿਲੀਆਂ ਹਨ। ਇਸ ਲਈ ਇਸ ਵਾਰ ਉਨ੍ਹਾਂ ਦੀਆਂ ਦੁਕਾਨਾਂ ਬੰਦ ਕਰਨਾ ਹੈ। ਦੁਨੀਆਂ ਨੂੰ ਜਿੱਤਣ ਵਾਲਾ ਸਿਕੰਦਰ ਵੀ ਖਾਲੀ ਹੱਥ ਗਿਆ।’’

ਉਨ੍ਹਾਂ ਕਿਹਾ, ‘‘ਪੰਜਾਬ ਦੇਸ਼ ’ਚ ਉਦਯੋਗਾਂ ’ਚ ਸੱਭ ਤੋਂ ਸਸਤੀ ਬਿਜਲੀ ਮੁਹੱਈਆ ਕਰਵਾ ਰਿਹਾ ਹੈ। ਆਮ ਆਦਮੀ ਪਾਰਟੀ ਸੱਚੇ ਇਰਾਦੇ ਵਾਲੇ ਲੋਕਾਂ ਦੀ ਸਰਕਾਰ ਹੈ। ਜੇਕਰ ਤੁਸੀਂ ਅਪਣੇ ਰਿਸ਼ਤੇਦਾਰਾਂ ਨੂੰ ਫੋਨ ਕਰ ਕੇ ਪੁੱਛੋ ਤਾਂ ਤੁਹਾਨੂੰ ਪਤਾ ਲਗੇਗਾ ਕਿ ਪੰਜਾਬ ਦੇ 90 ਫੀ ਸਦੀ ਘਰਾਂ ਦਾ ਬਿਜਲੀ ਦਾ ਬਿਲ ਜ਼ੀਰੋ ਆ ਰਿਹਾ ਹੈ। ਦਿੱਲੀ ’ਚ ਵੀ ਬਿਜਲੀ ਮੁਫਤ ਮਿਲਦੀ ਹੈ। ਹਰਿਆਣਾ ’ਚ ਮੁਫਤ ਕਿਉਂ ਨਹੀਂ ਹੋ ਸਕਦੀ?’’

ਆਮ ਆਦਮੀ ਪਾਰਟੀ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਅਨੁਰਾਗ ਢਾਂਡਾ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ’ਚ ਪਹੁੰਚ ਕੇ ਤੁਸੀਂ ਲੋਕਾਂ ਨੇ ਬਦਲਾਅ ਦਾ ਸੁਨੇਹਾ ਦੇਣ ਦਾ ਕੰਮ ਕੀਤਾ ਹੈ। ਹੁਣ ਹਰਿਆਣਾ ’ਚ ਬਦਲਾਅ ਦਾ ਸਮਾਂ ਆ ਗਿਆ ਹੈ। ਹਰਿਆਣਾ ਵਿਚ ਵੀ ਦਿੱਲੀ ਅਤੇ ਪੰਜਾਬ ਦੀ ਤਰਜ਼ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।

ਉਨ੍ਹਾਂ ਕਿਹਾ, ‘‘ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਲੋਕਾਂ ਨੂੰ ਪੰਜ ਗਾਰੰਟੀਆਂ ਦਿਤੀਆਂ ਹਨ। ਪਹਿਲੀ ਗਾਰੰਟੀ ਇਹ ਹੈ ਕਿ ਬਿਜਲੀ 24 ਘੰਟੇ ਉਪਲਬਧ ਹੋਵੇਗੀ ਅਤੇ ਇਹ ਮੁਫਤ ਹੋਵੇਗੀ। ਦੂਸਰੀ ਗਾਰੰਟੀ ਇਹ ਹੈ ਕਿ ਅਸੀਂ ਸ਼ਾਨਦਾਰ ਸਰਕਾਰੀ ਸਕੂਲ ਬਣਾਵਾਂਗੇ। ਗਰੀਬ ਪਰਵਾਰ ਦੇ ਬੱਚੇ ਨੂੰ ਵੀ ਵਧੀਆ ਸਿੱਖਿਆ ਮਿਲੇਗੀ। ਪੰਜਾਬ ’ਚ ਸਰਕਾਰੀ ਸਕੂਲਾਂ ਦੇ ਅੰਦਰ ਸਵੀਮਿੰਗ ਪੂਲ ਅਤੇ ਹਾਕੀ ਗਰਾਊਂਡ ਹਨ। ਇਸੇ ਤਰਜ਼ ’ਤੇ ਅਸੀਂ ਹਰਿਆਣਾ ਦੇ ਸਰਕਾਰੀ ਸਕੂਲਾਂ ਨੂੰ ਸਰਵੋਤਮ ਬਣਾਵਾਂਗੇ। ਤੀਜੀ ਗਾਰੰਟੀ ਇਹ ਹੈ ਕਿ ਸਰਕਾਰੀ ਹਸਪਤਾਲਾਂ ’ਚ 1 ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤਕ ਦਾ ਮੁਫ਼ਤ ਇਲਾਜ ਉਪਲਬਧ ਹੋਵੇਗਾ। ਚੌਥੀ ਗਰੰਟੀ ਹੈ ਕਿ ਸਾਡੀਆਂ ਮਾਵਾਂ-ਭੈਣਾਂ ਨੂੰ ਇਕ-ਇਕ ਹਜ਼ਾਰ ਰੁਪਏ ਮਾਣ ਭੱਤਾ ਮਿਲੇਗਾ। ਕੇਜਰੀਵਾਲ ਜੀ ਦੀ ਪੰਜਵੀਂ ਗਰੰਟੀ ਹੈ ਕਿ ਉਹ ਸੂਬੇ ਦੇ ਹਰ ਨੌਜੁਆਨ ਨੂੰ 100 ਫੀ ਸਦੀ ਰੁਜ਼ਗਾਰ ਮੁਹੱਈਆ ਕਰਵਾਉਣਗੇ। ਕਾਂਗਰਸ ਸਰਕਾਰ ’ਚ ਡੇਢ ਲੱਖ ਅਸਾਮੀਆਂ ਖਾਲੀ ਸਨ, ਭਾਜਪਾ ਸਰਕਾਰ ’ਚ ਦੋ ਲੱਖ ਅਸਾਮੀਆਂ ਖਾਲੀ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਅਸੀਂ ਪਹਿਲੀ ਕਲਮ ਤੋਂ ਦੋ ਲੱਖ ਸਰਕਾਰੀ ਅਸਾਮੀਆਂ ਭਰਾਂਗੇ।’’

RELATED ARTICLES
- Advertisment -spot_imgspot_img

Video Advertisment

- Advertisment -spot_imgspot_img

Most Popular