Friday, August 8, 2025
HomeपंजाबElections 2024 : ਪੰਜਾਬ ਪੁਲਿਸ ਨੇ ਸੂਬੇ ਵਿੱਚ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ...

Elections 2024 : ਪੰਜਾਬ ਪੁਲਿਸ ਨੇ ਸੂਬੇ ਵਿੱਚ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਕੀਤੇ ਪੁਖਤਾ ਪ੍ਰਬੰਧ

ਲੋਕ ਸਭਾ ਚੋਣਾਂ-2024 ਦੇ 7ਵੇਂ ਅਤੇ ਅੰਤਿਮ ਪੜਾਅ ਵਿੱਚ ਸੂਬੇ ਭਰ ਦੇ ਸਾਰੇ 13 ਲੋਕ ਸਭਾ ਹਲਕਿਆਂ ਲਈ ਭਲਕੇ ਸ਼ਨੀਵਾਰ ਨੂੰ ਵੋਟਾਂ ਪੈਣ ਜਾ ਰਹੀਆਂ ਹਨ, ਇਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਨਿਰਵਿਘਨ ਪੋਲਿੰਗ ਅਤੇ ਵੱਡੀ ਗਿਣਤੀ ਵਿੱਚ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਲੋਕ ਸਭਾ ਚੋਣਾਂ-2024 ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲ, ਪੰਜਾਬ ਪੁਲਿਸ ਅਤੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਹੋਮ ਗਾਰਡ ਜਵਾਨਾਂ ਸਮੇਤ ਕੁੱਲ 81,079 ਜਵਾਨਾਂ ਨੂੰ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿੱਚ ਤਾਇਨਾਤ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਸੂਬੇ ਭਰ ਵਿੱਚ 24,451 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 5000 ਦੀ ਪਛਾਣ ਨਾਜ਼ੁਕ/ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਵਜੋਂ ਕੀਤੀ ਗਈ ਹੈ। ਪੰਜਾਬ ਵਿੱਚ 13 ਸੰਸਦੀ ਹਲਕਿਆਂ ਲਈ 328 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਕੁੱਲ ਫੋਰਸ ਦੇ 50 ਫੀਸਦੀ ਤੋਂ ਵੱਧ ਭਾਵ ਸੀਏਪੀਐਫ/ਐਸਏਪੀ ਸਮੇਤ 47,284 ਕਰਮਚਾਰੀਆਂ ਨੂੰ 24,451 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੋਟਰ ਆਪਣੀ ਵੋਟ ਦੀ ਵਰਤੋਂ ਨਿਰਵਿਘਨ ਅਤੇ ਅਰਾਮਦਾਇਕ ਢੰਗ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੇ 13 ਲੋਕ ਸਭਾ ਹਲਕਿਆਂ ਲਈ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਨਿਰਧਾਰਤ ਨਿਯਮਾਂ ਅਨੁਸਾਰ ਲੋੜੀਂਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।

ਡੀਜੀਪੀ ਨੇ ਕਿਹਾ ਕਿ ਸੂਬੇ ਵਿੱਚ ਨਕਦੀ/ਸ਼ਰਾਬ/ਨਸ਼ੀਲੇ ਪਦਾਰਥਾਂ ਨਾਲ ਸਬੰਧਤ ਗਤੀਵਿਧੀਆਂ ਜਾਂ ਕਿਸੇ ਵੀ ਹੋਰ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ 351 ਫਲਾਇੰਗ ਸਕੁਐਡ ਟੀਮਾਂ, 351 ਸਟੈਟਿਕ ਸਰਵੇਲੈਂਸ ਟੀਮਾਂ ਅਤੇ 348 ਕਵਿੱਕ ਰਿਐਕਸ਼ਨ ਟੀਮਾਂ ਵੀ ਤਿਆਰ ਬਰ ਤਿਆਰ ਹਨ।

ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਪਹਿਲਾਂ ਹੀ ਸੂਬੇ ਭਰ ਵਿੱਚ ਬਿਹਤਰ ਤਾਲਮੇਲ ਵਾਲੇ 205 ਮਜ਼ਬੂਤ ਅੰਤਰ-ਰਾਜੀ ਨਾਕੇ ਲਗਾਏ ਗਏ ਹਨ ਤਾਂ ਜੋ ਸ਼ਰਾਬ ਤੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਰਾਜਸਥਾਨ, ਜੰਮੂ ਅਤੇ ਕਸ਼ਮੀਰ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਸਮੇਤ ਗੁਆਂਢੀ ਸੂਬਿਆਂ ਵੱਲੋਂ ਵੀ ਪੰਜਾਬ ਨੂੰ ਆਉਣ-ਜਾਣ ਵਾਲੇ ਸਾਰੇ ਪੁਆਇੰਟਾਂ ’ਤੇ ਨਾਕੇ ਲਗਾਏ ਜਾ ਰਹੇ ਹਨ।

ਹੋਰ ਵੇਰਵੇ ਸਾਂਝੇ ਕਰਦਿਆਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ)-ਕਮ-ਰਾਜ ਪੁਲਿਸ ਨੋਡਲ ਅਫ਼ਸਰ, ਚੋਣਾਂ, ਪੰਜਾਬ ਐਮ.ਐਫ. ਫਾਰੂਕੀ ਨੇ ਕਿਹਾ ਕਿ 16 ਮਾਰਚ, 2024 ਨੂੰ ਆਦਰਸ਼ ਚੋਣ ਜ਼ਾਬਤਾ (ਐਮਸੀਸੀ) ਦੀ ਸ਼ੁਰੂਆਤ ਤੋਂ ਬਾਅਦ ਪੰਜਾਬ ਪੁਲਿਸ ਨੇ ਬੇਮਿਸਾਲ ਬਰਾਮਦਗੀ ਕਰਦਿਆਂ 13.14 ਕਰੋੜ ਰੁਪਏ ਦੀ ਨਕਦੀ ਸਮੇਤ 642.24 ਕਰੋੜ ਰੁਪਏ ਦੀ ਕੀਮਤ ਦੀ ਜਾਇਜ਼/ਨਾਜਾਇਜ਼ ਸ਼ਰਾਬ, ਨਸ਼ੀਲੀਆਂ ਦਵਾਈਆਂ, ਕੀਮਤੀ ਧਾਤਾਂ ਅਤੇ ਬੇਹਿਸਾਬੀ ਨਕਦੀ ਬਰਾਮਦ/ਜ਼ਬਤ ਕੀਤੀ ਹੈ।ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਕੁੱਲ 398350 ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਏ ਗਏ ਹਨ, ਜੋ ਕਿ ਸੂਬੇ ਦੇ ਕੁੱਲ ਲਾਇਸੰਸੀ ਹਥਿਆਰਾਂ ਦਾ 95 ਫੀਸਦੀ ਤੋਂ ਵੱਧ ਹਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਫ਼ਤਰ ਤੋਂ 405 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਦਾ ਨਿਰਧਾਰਿਤ ਸਮੇਂ ਅੰਦਰ ਨਿਪਟਾਰਾ ਕੀਤਾ ਗਿਆ ਹੈ ਅਤੇ ਐਮ.ਸੀ.ਸੀ. ਦੌਰਾਨ ਚੋਣਾਵੀ ਜੁਰਮਾਂ ਨਾਲ ਸਬੰਧਤ 32 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਸਾਰੇ ਜ਼ਿਲਿ੍ਹਆਂ ਨੂੰ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਨਾਲ ਨਜਿੱਠਣ ਲਈ ਡੀਜੀਪੀ ਪੰਜਾਬ ਦੇ ਰਾਖ਼ਵੇ ਬਲ ਦੇ ਨਾਲ-ਨਾਲ 193 ਰਾਖ਼ਵੇ ਬਲ ਮੁਹੱਈਆ ਕਰਵਾਏ ਜਾ ਰਹੇ ਹਨ।

ਏਡੀਜੀਪੀ ਨੇ ਕਿਹਾ ਕਿ ਕਿਸੇ ਵੀ ਘਟਨਾ ਦੌਰਾਨ ਗਸ਼ਤ ਪਾਰਟੀ ਵੱਲੋਂ ਤੁਰੰਤ ਜਵਾਬ ਨੂੰ ਯਕੀਨੀ ਬਣਾਉਣ ਲਈ, ਸੂਬੇ ਭਰ ਨੂੰ 2098 ਰੂਟ ਜ਼ੋਨਾਂ ਜਾਂ ਸੈਕਟਰਾਂ ਵਿੱਚ ਵੰਡਿਆ ਗਿਆ ਹੈ, ਜੋ ਕਿ ਮਜ਼ਬੂਤ ਪੁਲਿਸ ਪੈਟਰੋਲਿੰਗ ਪਾਰਟੀਆਂ ਵੱਲੋਂ ਢੁਕਵੇਂ ਢੰਗ ਨਾਲ ਕਵਰ ਕੀਤੇ ਗਏ ਹਨ ਅਤੇ ਬਿਹਤਰ ਤਾਲਮੇਲ ਲਈ ਸਾਰੇ ਜ਼ਿਲਿ੍ਹਆਂ ਨੂੰ ਘੱਟੋ-ਘੱਟ 11881 ਵਾਇਰਲੈੱਸ ਸੈੱਟ ਮੁਹੱਈਆ ਕਰਵਾਏ ਗਏ ਹਨ ਜੋ ਕਿ ਪੰਜਾਬ ਦੇ ਅੱਠ ਜ਼ਿਲਿ੍ਹਆਂ ਵਿੱਚ ਪਛਾਣੇ ਗਏ 102 ਸ਼ੈਡੋ ਖੇਤਰਾਂ ਨੂੰ ਵੀ ਕਵਰ ਕਰਦੇ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਗਸ਼ਤ ਪਾਰਟੀਆਂ ਨੂੰ ਇੰਟਰਨੈਟ-ਸਮਰਥਿਤ ਟੈਬਲੇਟ ਪ੍ਰਦਾਨ ਕੀਤੇ ਗਏ ਹਨ, ਜੋ ਅਧਿਕਾਰੀਆਂ ਨੂੰ ਕਿਸੇ ਵੀ ਘਟਨਾ ਵਾਲੀ ਥਾਂ ’ਤੇ ਜਲਦ ਤੋਂ ਜਲਦ ਪਹੁੰਚਣ ਵਾਲੀ ਗਸ਼ਤ ਪਾਰਟੀ ਦੀ ਪਛਾਣ ਕਰਨ ਵਿੱਚ ਮਦਦ ਕਰਨਗੇ।ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 117 ਸਟੋਰੇਜ਼/ਕਾਊਂਟਿੰਗ ਸੈਂਟਰ ਸਥਾਪਤ ਕੀਤੇ ਗਏ ਹਨ ਜੋ ਵੋਟਾਂ ਦੀ ਗਿਣਤੀ ਪੂਰੀ ਹੋਣ ਤੱਕ ਕ੍ਰਮਵਾਰ ਸੀਏਪੀਐਫ, ਐਸਏਪੀ ਅਤੇ ਜ਼ਿਲ੍ਹਾ ਪੁਲਿਸ ਦੀ ਤਿੰਨ-ਪੱਧਰੀ ਸੁਰੱਖਿਆ ਅਧੀਨ ਹਨ।

RELATED ARTICLES
- Advertisment -spot_imgspot_img

Most Popular