ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇਅ ‘ਤੇ ਖੜ੍ਹੀ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਏਅਰ ਇੰਡੀਆ (ਏ.ਆਈ.) ਐਕਸਪ੍ਰੈੱਸ ਫਲਾਈਟ ‘ਚ ਸ਼ਨੀਵਾਰ ਰਾਤ ਨੂੰ ਹੰਗਾਮਾ ਹੋ ਗਿਆ। ਦਰਅਸਲ, ਫਲਾਈਟ IX-191 ਅੱਧੀ ਰਾਤ 12 ਵਜੇ ਰੱਦ ਕਰ ਦਿੱਤੀ ਗਈ ਸੀ। ਇਸ ਫਲਾਈਟ ‘ਚ ਯਾਤਰੀ ਲਗਭਗ 6 ਘੰਟੇ ਤੱਕ ਟੇਕਆਫ ਦਾ ਇੰਤਜ਼ਾਰ ਕਰਦੇ ਰਹੇ। ਰੱਦ ਹੋਣ ਦੀ ਸੂਚਨਾ ਮਿਲਦੇ ਹੀ ਯਾਤਰੀ ਗੁੱਸੇ ‘ਚ ਆ ਗਏ। ਏਅਰਲਾਈਨਜ਼ ਦੇ ਕੋਲੀ ਮੁਆਫ਼ੀ ਮੰਗਣ ਤੋਂ ਇਲਾਵਾ ਕੋਈ ਜਵਾਬ ਨਹੀਂ ਸੀ।
ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ IX-191 ਨੇ ਸ਼ਨੀਵਾਰ ਸ਼ਾਮ ਕਰੀਬ 7 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਭਰਨੀ ਸੀ। ਯਾਤਰੀ ਸਮੇਂ ‘ਤੇ ਹਵਾਈ ਅੱਡੇ ‘ਤੇ ਪਹੁੰਚੇ ਅਤੇ ਚੈੱਕ-ਇਨ ਵੀ ਕੀਤਾ। ਯਾਤਰੀਆਂ ਨੂੰ ਕਰੀਬ ਇੱਕ ਘੰਟਾ ਪਹਿਲਾਂ, ਸ਼ਾਮ 6 ਵਜੇ ਦੇ ਕਰੀਬ ਉਡਾਣ ਵਿੱਚ ਸਵਾਰ ਕੀਤਾ ਗਿਆ ਸੀ, ਤਾਂ ਜੋ ਜਹਾਜ਼ ਸਮੇਂ ਸਿਰ ਉਡਾਣ ਭਰ ਸਕੇ। ਪਰ ਜਹਾਜ਼ ਨੇ ਟੇਕ ਆਫ ਨਹੀਂ ਕੀਤਾ ਤਾਂ ਮਿਲਨ ਕਪੂਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਫਲਾਈਟ ‘ਚ ਪਾਣੀ ਪਿਲਾਉਣ ਵਾਲਾ ਵੀ ਕੋਈ ਨਹੀਂ ਸੀ।
ਤਿੰਨ ਘੰਟੇ ਬਾਅਦ ਸਵਾਰੀਆਂ ਦਾ ਸਬਰ ਟੁੱਟਣ ਲੱਗਾ। 9 ਵਜੇ ਯਾਤਰੀਆਂ ਨੇ ਫਲਾਈਟ ਦੇ ਅੰਦਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪਰ ਏਅਰਲਾਈਨਜ਼ ਨੇ ਕਿਹਾ ਕਿ ਫਲਾਈਟ ਜਲਦੀ ਹੀ ਉਡਾਣ ਭਰਨ ਜਾ ਰਹੀ ਹੈ। ਇੰਨਾ ਹੀ ਨਹੀਂ ਫਲਾਈਟ ਕਰੂ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੀ ਬਦਲ ਦਿੱਤਾ ਗਿਆ। ਪਰ ਯਾਤਰੀਆਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਗਈ।
ਯਾਤਰੀ ਤਨਵੀਰ ਸਿੰਘ ਨੇ ਦੱਸਿਆ ਕਿ ਫਲਾਈਟ ਵਿੱਚ ਲਗਭਗ 184 ਯਾਤਰੀ ਸਵਾਰ ਸਨ। ਫਲਾਈਟ ਪੂਰੀ ਤਰ੍ਹਾਂ ਭਰੀ ਹੋਈ ਸੀ। ਰਾਤ 11 ਵਜੇ ਸਾਰੇ ਯਾਤਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਫਲਾਈਟ ਦੇ ਯਾਤਰੀਆਂ ਨੇ ਸਟਾਫ ‘ਤੇ ਸਹੀ ਜਾਣਕਾਰੀ ਦੇਣ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ।
ਕਰੀਬ 6 ਘੰਟੇ ਜਹਾਜ਼ ‘ਚ ਬੈਠਣ ਤੋਂ ਬਾਅਦ ਸਾਨੂੰ ਸੂਚਨਾ ਮਿਲੀ ਕਿ ਅੱਜ ਫਲਾਈਟ ਰੱਦ ਕਰ ਦਿੱਤੀ ਗਈ ਹੈ। ਏਅਰਲਾਈਨਜ਼ ਨੇ ਅਜੇ ਤੱਕ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਕਿ ਇਹ ਉਡਾਣ ਕਿਉਂ ਰੱਦ ਕੀਤੀ ਗਈ ਸੀ। ਇਸ ਦੇ ਨਾਲ ਹੀ ਯਾਤਰੀਆਂ ਨੇ ਏਅਰਲਾਈਨਜ਼ ‘ਤੇ ਗੁੱਸਾ ਕੱਢਿਆ ਕਿ ਜੇਕਰ ਫਲਾਈਟ ਹੀ ਰੱਦ ਕਰਨੀ ਸੀ ਤਾਂ ਉਨ੍ਹਾਂ ਨੂੰ ਇੰਨੀ ਦੇਰ ਤੱਕ ਜਹਾਜ਼ ‘ਚ ਕਿਉਂ ਬਿਠਾਇਆ ਗਿਆ।