Wednesday, October 22, 2025
HomeपंजाबCM ਭਗਵੰਤ ਮਾਨ ਭਲਕੇ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਤੋਂ ਕਰਵਾਉਣਗੇ ‘ਖੇਡਾਂ ਵਤਨ...

CM ਭਗਵੰਤ ਮਾਨ ਭਲਕੇ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਤੋਂ ਕਰਵਾਉਣਗੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ

ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 29 ਅਗਸਤ ਨੂੰ ਸਥਾਨਕ ਵਾਰ ਹੀਰੋਜ਼ ਸਟੇਡੀਅਮ ਤੋਂ ਕਰਵਾਉਣਗੇ। ਜ਼ਿਕਰਯੋਗ ਹੈ ਕਿ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਅਤੇ ਕੌਮੀ ਖੇਡ ਦਿਵਸ ਮੌਕੇ ਦੋ ਮਹੀਨੇ ਤੋਂ ਵੱਧ ਸਮੇਂ ਤੱਕ ਚੱਲਣ ਵਾਲਾ ਇਹ ਵੱਡ ਆਕਾਰੀ ਖੇਡ ਮੁਕਾਬਲਾ ਸ਼ੁਰੂ ਕੀਤਾ ਜਾਵੇਗਾ।

ਇਸ ਖੇਡ ਮੇਲੇ ਵਿੱਚ ਇਸ ਵਾਰ 37 ਖੇਡਾਂ ਦੇ ਨੌਂ ਉਮਰ ਵਰਗਾਂ ਵਿੱਚ ਪੰਜ ਲੱਖ ਦੇ ਕਰੀਬ ਖਿਡਾਰੀ ਤਗ਼ਮਿਆਂ ਲਈ ਭਿੜਨਗੇ ਅਤੇ ਜੇਤੂਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੇ ਨਕਦ ਇਨਾਮ ਵੰਡੇ ਜਾਣਗੇ। ਪਹਿਲੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਪੈਰਾ ਖੇਡਾਂ ਵਿੱਚ ਅਥਲੈਟਿਕਸ, ਬੈਡਮਿੰਟਨ ਅਤੇ ਪਾਵਰ ਲਿਫਟਿੰਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਵਰਗਾਂ ਵਿੱਚ ਪੰਜਾਬ ਦੇ ਪੈਰਾ ਅਥਲੀਟ ਪੈਰਿਸ ਪੈਰਾਲੰਪਿਕਸ ਵਿੱਚ ਭਾਗ ਲੈ ਰਹੇ ਹਨ।

ਇਸ ਮੌਕੇ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸਮਾਰੋਹ ਨੂੰ ਸਫਲਤਾਪੂਰਵਕ ਨੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਕੈਬਨਿਟ ਮੰਤਰੀ, ਵਿਧਾਇਕ, ਚੇਅਰਮੈਨ ਤੇ ਪੰਜਾਬ ਦੇ ਓਲੰਪੀਅਨ ਖਿਡਾਰੀਆਂ ਨੂੰ ਪੂਰੇ ਮਾਣ ਸਤਕਾਰ ਨਾਲ ਸੱਦਾ ਪੱਤਰ ਭੇਜੇ ਗਏ ਹਨ।

ਉਨ੍ਹਾਂ ਕਿਹਾ ਕਿ ਇਸ ਸਮਾਗਮ ਹਰ ਵਰਗ ਦੇ ਦਰਸ਼ਕਾਂ ਲਈ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ ਅਤੇ ਸਮਾਗਮ ਦਾ ਆਨੰਦ ਮਾਨਣ ਲਈ ਦਰਸ਼ਕ ਸ਼ਾਮ ਪੰਜ ਵਜੇ ਤੋਂ ਪਹਿਲਾਂ ਆਪੋ-ਆਪਣੀਆਂ ਸੀਟਾਂ ‘ਤੇ ਬਿਰਾਜਮਾਨ ਹੋ ਜਾਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਸ਼ਾਮ ਪੰਜ ਵਜੇ ਤੋਂ ਬਾਅਦ ਦਰਸ਼ਕਾਂ ਨੂੰ ਸਟੇਡੀਅਮ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਡਿਊਟੀ ‘ਤੇ ਤੈਨਾਤ ਅਧਿਕਾਰੀਆਂ, ਕਰਮਚਾਰੀਆਂ ਦੀਆਂ ਗੱਡੀਆਂ ਲਈ ਸਥਾਨਕ ਰਣਬੀਰ ਕਾਲਜ ਦੇ ਗਰਾਊਂਡ ਵਿੱਚ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਜਦਕਿ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਲੈ ਕੇ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਪੁਰਾਣੀ ਕੈਰੋਂ ਫੈਕਟਰੀ ਵਾਲੀ ਜਗ੍ਹਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਧਾਇਕ, ਚੇਅਰਮੈਨ ਅਤੇ ਓਲੰਪੀਅਨ ਖਿਡਾਰੀਆਂ ਲਈ ਪਾਰਕਿੰਗ ਦਾ ਪ੍ਰਬੰਧ ਬਾਨਾਸਰ ਬਾਗ ਵਿੱਚ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਪਤਵੰਤੇ ਵਿਅਕਤੀਆਂ ਨੂੰ ਸੱਦਾ ਪੱਤਰ ਜਾਰੀ ਕੀਤੇ ਗਏ ਹਨ ਉਨ੍ਹਾਂ ਲਈ ਵੀ ਪਾਰਕਿੰਗ ਦਾ ਪ੍ਰਬੰਧ ਰਣਬੀਰ ਕਾਲਜ ਵਿਖੇ ਹੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਤੋਂ ਇਲਾਵਾ ਹੋਰ ਵੀ ਨਾਮਵਰ ਪੰਜਾਬੀ ਗਾਇਕ-ਕਲਾਕਾਰ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ ਵੱਖ-ਵੱਖ ਰੰਗਾਰੰਗ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਕਰਨ।

ਐਸਐਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਇਸ ਸਮਾਗਮ ਦੇ ਮੱਦੇਨਜ਼ਰ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਦੇ ਵੀ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਾਤੜਾਂ ਤੋਂ ਆਉਣ ਵਾਲੀ ਟਰੈਫਿਕ ਬਾਈਪਾਸ ਤੋਂ ਹੁੰਦੀ ਹੋਈ ਭਗਤ ਸਿੰਘ ਚੌਂਕ, ਬਰਨਾਲਾ ਕੈਂਚੀਆਂ ਦੇ ਰਾਹੀਂ ਧੂਰੀ ਰੋਡ ਲਈ ਰਵਾਨਾ ਹੋਵੇਗੀ ਜਦਕਿ ਪਟਿਆਲਾ ਤੋਂ ਆਉਣ ਵਾਲੀ ਟਰੈਫਿਕ ਲਈ ਪਾਤੜਾ ਰੋਡ ਅੰਡਰ ਬ੍ਰਿਜ ਤੋਂ  ਭਗਤ ਸਿੰਘ ਚੌਂਕ ਵਾਇਆ ਬਰਨਾਲਾ ਕੈਂਚੀਆਂ ਤੋਂ ਧੂਰੀ ਰੋਡ ਨਿਰਧਾਰਿਤ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਧੂਰੀ ਤੋਂ ਆਉਣ ਵਾਲੀ ਟਰੈਫਿਕ ਬਰਨਾਲਾ ਕੈਂਚੀਆਂ ਤੋਂ ਹੁੰਦੇ ਹੋਏ ਭਗਤ ਸਿੰਘ ਚੌਂਕ ਰਾਹੀਂ ਪਾਤੜਾਂ ਰੋਡ ਵੱਲ ਜਾ ਸਕੇਗੀ । ਉਹਨਾਂ ਦੱਸਿਆ ਕਿ ਪੁਨੀਆ ਟਾਵਰ, ਹਰੀਪੁਰਾ ਰੋਡ, ਨਾਨਕਿਆਣਾ ਚੌਂਕ, ਯਾਦਵਿੰਦਰਾ ਹੋਟਲ, ਡਰੀਮਲੈਂਡ ਕਲੋਨੀ, ਫੁਹਾਰਾ ਚੌਂਕ, ਰਣਬੀਰ ਕਾਲਜ, ਭਗਤ ਸਿੰਘ ਚੌਂਕ ਤੱਕ ਕੋਈ ਵੀ ਭਾਰੀ ਵਾਹਨ ਨਹੀਂ ਜਾ ਸਕੇਗਾ ਅਤੇ ਪੁਲਿਸ ਵੱਲੋਂ ਇਸ ਨੂੰ ‘ਨੋ ਹੈਵੀ ਟਰੈਫਿਕ ਜੋਨ’ ਘੋਸ਼ਿਤ ਕੀਤਾ ਗਿਆ ਹੈ।

RELATED ARTICLES
- Advertisment -spot_imgspot_img
- Advertisment -spot_imgspot_img

वीडियो एड

Most Popular