ਇੰਦੌਰ: ਲੋਕ ਸਭਾ ਚੋਣਾਂ ’ਚ ਇੰਦੌਰ ਸੀਟ ਤੋਂ ਅਪਣਾ ਨਾਮਜ਼ਦਗੀ ਪੱਤਰ ਵਾਪਸ ਲੈਣ ਵਾਲੇ ਕਾਰੋਬਾਰੀ ਅਕਸ਼ੈ ਕਾਂਤੀ ਬਾਮ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਚੋਣ ਪ੍ਰਚਾਰ ’ਚ ਪਾਰਟੀ ਸੰਗਠਨ ਦੇ ਅਸਹਿਯੋਗ ਅਤੇ ਬੇਭਰੋਸਗੀ ਕਾਰਨ ਉਨ੍ਹਾਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ।
ਇੰਦੌਰ ’ਚ ਕਾਂਗਰਸ ਨੂੰ ਵੱਡਾ ਝਟਕਾ ਦਿੰਦੇ ਹੋਏ ਬਮ ਨੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਰੀਕ 29 ਅਪ੍ਰੈਲ ਨੂੰ ਅਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਭਾਜਪਾ ਦਾ ਗੜ੍ਹ ਮੰਨੇ ਜਾਣ ਵਾਲੇ ਇੰਦੌਰ ’ਚ ਕਾਂਗਰਸ ਦੀ ਚੋਣ ਚੁਨੌਤੀ ਖਤਮ ਹੋ ਗਈ, ਜਿੱਥੇ ਉਹ ਪਿਛਲੇ 35 ਸਾਲਾਂ ਤੋਂ ਜਿੱਤ ਦਾ ਇੰਤਜ਼ਾਰ ਕਰ ਰਹੀ ਹੈ। ਬਮ ਨੇ ਸਥਾਨਕ ਭਾਜਪਾ ਦਫ਼ਤਰ ’ਚ ਪੱਤਰਕਾਰਾਂ ਨੂੰ ਕਿਹਾ, ‘‘ਕਾਂਗਰਸ ਉਮੀਦਵਾਰ ਦੇ ਤੌਰ ’ਤੇ ਮੇਰੇ ਨਾਂ ਦਾ ਐਲਾਨ ਹੋਣ ਤੋਂ ਬਾਅਦ ਮੈਂ ਚੋਣ ਪ੍ਰਚਾਰ ’ਚ ਅਪਣਾ ਕੰਮ ਕੀਤਾ ਪਰ ਪਾਰਟੀ ਸੰਗਠਨ ਦੇ ਸਮਰਥਨ ਤੋਂ ਬਿਨਾਂ ਇੰਨੀ ਵੱਡੀ ਚੋਣ ਨਹੀਂ ਲੜੀ ਜਾ ਸਕਦੀ।’’
ਕਾਂਗਰਸ ਸੰਗਠਨ ਵਿਚ ਅਨੁਸ਼ਾਸਨ ਅਤੇ ਤਾਲਮੇਲ ਦੀ ਘਾਟ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਉਮੀਦਵਾਰ ਹੋਣ ਦੇ ਨਾਤੇ ਸ਼ਹਿਰ ਵਿਚ ਉਨ੍ਹਾਂ ਦੇ ਕਈ ਲੋਕ ਸੰਪਰਕ ਪ੍ਰੋਗਰਾਮ ਰੱਦ ਕਰ ਦਿਤੇ ਗਏ ਸਨ ਅਤੇ ਉਨ੍ਹਾਂ ਵਲੋਂ ਭੇਜੀ ਗਈ ਪ੍ਰਚਾਰ ਸਮੱਗਰੀ ਬੂਥ ਪੱਧਰ ਦੇ ਪਾਰਟੀ ਵਰਕਰਾਂ ਤਕ ਨਹੀਂ ਪਹੁੰਚਾਈ ਗਈ ਸੀ।
ਬਮ ਨੇ ਦਾਅਵਾ ਕੀਤਾ ਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਪਹਿਲਾਂ ਉਨ੍ਹਾਂ ਦੀ ਪ੍ਰਦੇਸ਼ ਕਾਂਗਰਸ ਪ੍ਰਧਾਨ ਜੀਤੂ ਪਟਵਾਰੀ ਨਾਲ ਤਿੰਨ ਵਾਰ ਗੱਲਬਾਤ ਹੋਈ ਸੀ, ਜਿਨ੍ਹਾਂ ਨੂੰ ਉਨ੍ਹਾਂ ਨੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਸਹਿਯੋਗ ਨਾ ਕਰਨ ਦੀ ਜਾਣਕਾਰੀ ਦਿਤੀ ਸੀ।