ਪੰਜਾਬ ਸਰਕਾਰ ਵੱਲੋਂ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਬਠਿੰਡਾ, ਰੂਪਨਗਰ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਤਰਨ ਤਾਰਨ ਵਿਖੇ 5 ਆਟੋਮੋਟਿਵ ਐਂਡ ਡਰਾਇਵਿੰਗ ਸਕਿੱਲ ਸੈਂਟਰ ਸ਼ੁਰੂ ਕੀਤੇ ਗਏ ਹਨ ਤਾਂ ਜੋ ਲੋੜਵੰਦਾਂ ਨੂੰ ਡਰਾਇਵਿੰਗ ਸਕਿੱਲ ਸਿੱਖਣ ਲਈ ਦੂਰ-ਦੁਰਾਡੇ ਨਾ ਜਾਣਾ ਪਵੇ।
ਇਹ ਜਾਣਕਾਰੀ ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਅੱਜ ਰੈੱਡ ਕਰਾਸ ਸੋਸਾਇਟੀ ਤਰਨ ਤਾਰਨ ਵੱਲੋਂ ਚਲਾਏ ਜਾ ਰਹੇ ਤਰਨ ਤਾਰਨ ਆਟੋਮੋਟਿਵ ਐਂਡ ਡਰਾਇਵਿੰਗ ਸਕਿੱਲ ਸੈਂਟਰ ਦਾ ਨਿਰੀਖਣ ਕਰਨ ਮੌਕੇ ਦਿੱਤੀ। ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਵੱਲੋਂ ਸਿਖਿਆਰਥੀਆ ਨੂੰ ਸਰਟੀਫਿਕੇਟ ਵੀ ਵੰਡੇ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਭੁੱਲਰ ਨੇ ਕਿਹਾ ਕਿ ਪਹਿਲਾਂ ਨਵਾਂ ਡਰਾਈਵਿੰਗ ਲਾਇਸੈਂਸ ਬਣਾਉਣ ਜਾਂ ਪੁਰਾਣਾ ਲਾਇਸੈਂਸ ਰਿਨਿਊ ਕਰਾਉਣ ਲਈ ਰਿਫ੍ਰੈਸਰ ਕੋਰਸ ਕਰਨ ਲਈ ਮਹੂਆਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜਾਣਾ ਪੈਂਦਾ ਸੀ, ਜਿਸ ਕਾਰਨ ਲੋਕਾ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਮਹੂਆਣੇ ਜਾਣ ਦੀ ਜ਼ਰੂਰਤ ਨਹੀਂ ਹੈ ਅਤੇ ਲੋਕ ਆਪਣੀ ਟ੍ਰੇਨਿੰਗ ਰੈੱਡ ਕਰਾਸ ਦਫਤਰ ਤਰਨ ਤਾਰਨ ਵਿਖੇ ਬਣੇ ਸੈਂਟਰ ਵਿੱਚ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਭਵਨ ਤਰਨ ਤਾਰਨ ਵਿਖੇ ਬਣੇ ਤਰਨ ਤਾਰਨ ਇੰਨਸੀਚਿਊਟ ਆਫ਼ ਆਟੋਮੋਟਿਵ ਐਂਡ ਡਰਾਇਵਿੰਗ ਸਕਿੱਲਜ਼ ਸੈਂਟਰ ਵਿੱਚ ਸੜਕੀ ਨਿਯਮਾਂ ਸਬੰਧੀ ਦੋ ਦਿਨ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਸੰਦੀਪ ਕੁਮਾਰ, ਕਾਰਜਕਾਰੀ ਸਕੱਤਰ ਸਰਬਜੀਤ ਸਿੰਘ ਥਿੰਦ, ਦਿਲਬਾਗ਼ ਸਿੰਘ ਚੇਅਰਮੈਨ ਅਤੇ ਜ਼ਿਲ੍ਹਾ ਟ੍ਰੇਨਿੰਗ ਸੁਰਵਾਈਜ਼ਰ ਸੁਰਜੀਤ ਸਿੰਘ ਨਿੱਜਰ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।