ਭਾਰਤ ਦੇ ਚੋਣ ਕਮਿਸ਼ਨ ਵਲੋਂ ਬਾਕੀ ਰਾਜਾਂ ਸਮੇਤ ਪੰਜਾਬ ਦੇ ਡੇਰਾ ਬਾਬਾ ਨਾਨਕ, ਚੱਬੇਵਾਲ (ਰਿਜ਼ਰਵ), ਗਿੱਦੜਬਾਹਾ ਅਤੇ ਬਰਨਾਲਾ ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ ਵਾਸਤੇ ਵੋਟਾਂ ਪਾਉਣ ਦਾ ਸਮਾਂ 13 ਨਵੰਬਰ ਦੀ ਥਾਂ 7 ਦਿਨ ਵਧਾ ਕੇ 20 ਨਵੰਬਰ ਕਰਨ ਬਾਰੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਲੰਬੇ ਚੌੜੇ ਵੇਰਵਿਆਂ ਨਾਲ ਪਿਛਲੇ ਦਿਨੀਂ ਜਾਇਜ਼ਾ ਲਿਆ। ਉਨ੍ਹਾਂ ਸਿਵਲ ਪ੍ਰਬੰਧਾਂ ਦੇ ਨਾਲ ਨਾਲ ਸੁਰੱਖਿਆ ਤੇ ਹੋਰ ਸਖ਼ਤ ਇੰਤਜ਼ਾਮ ਵੀ ਕੀਤੇ।
ਅੱਜ ਇਥੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਮੁੱਖ ਚੋਣ ਅਧਿਕਾਰੀ ਸਿਬਨ.ਸੀ. ਨੇ ਦਸਿਆ ਕਿ ਇਕ ਹਫ਼ਤੇ ਦਾ ਸਮਾ ਵਧਾਉਣ ਨਾਲ ਤੈਨਾਤ ਕੀਤੇ ਸਿਵਲ ਤੇ ਸੁਰੱਖਿਆ ਸਟਾਫ਼ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਗਈ ਹੈ। ਬਾਹਰਲੇ ਸੂਬਿਆਂ ਤੋਂ ਆਏ 12 ਸੀਨੀਅਰ ਅਧਿਕਾਰੀ ਬਤੌਰ ਆਬਜ਼ਰਵਰ ਹੁਣ 23 ਨਵੰਬਰ ਯਾਨੀ ਚੋਣਾਂ ਦੇ ਨਤੀਜੇ ਆਉਣ ਤਕ ਆਪੋ ਅਪਣੀ ਥਾਵਾਂ ’ਤੇ ਹਲਕਿਆਂ ਵਿਚ ਹੀ ਡਿਊਟੀ ਨਿਭਾਉਣਗੇ।
ਮੁੱਖ ਚੋਣ ਅਧਿਕਾਰੀ ਨੇ ਇਹ ਵੀ ਦਸਿਆ ਕਿ ਇਨ੍ਹਾਂ 12 ਆਬਜ਼ਰਵਰਾਂ ਵਿਚ 4 ਆਈ.ਏ.ਐਸ. ਅਫ਼ਸਰ, 4 ਹੀ ਆਈ.ਪੀ.ਐਸ. ਅਤੇ 4 ਆਈ.ਆਰ.ਐਸ. ਸੀਨੀਅਰ ਅਫ਼ਸਰ, 2011, 2012 ਅਤੇ 2015 ਬੈਂਚ ਦੇ ਬੰਗਾਲ, ਆਂਧਰਾ ਪ੍ਰੇਦਸ਼, ਛੱਤੀਸਗੜ੍ਹ ਅਤੇ ਹੋਰ ਸੂਬਿਆਂ ਤੋਂ ਹਨ। ਸੀਨੀਅਰ 4 ਆਈ.ਏ.ਐਸ. ਨੂੰ ਜਨਰਲ ਆਬਜ਼ਰਵਰ, ਆਈ.ਪੀ.ਐਸ. ਨੂੰ ਸੁਰੱਖਿਆ ਯਾਨੀ ਪੁਲਿਸ ਆਬਜ਼ਰਵਰ ਅਤੇ ਆਈ.ਆਰ.ਐਸ. ਅਧਿਕਾਰੀਆਂ ਨੂੰ ਬਤੌਰ ਖ਼ਰਚਾ ਆਬਜ਼ਰਵਰ ਦੀ ਡਿਊਟੀ ਦਿਤੀ ਹੈ।
ਸਿਬਨ.ਸੀ. ਨੇ ਦਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਵਿਚ ਕੁਲ 1,93,268 ਵੋਟਰਾਂ ਲਈ 241 ਪੋਲਿੰਗ ਸਟੇਸ਼ਨ, ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੈਂਦੇ ਚੱਬੇਵਾਲ (ਰਿਜ਼ਰਵ) ਵਿਚ 1,59,254 ਵੋਟਰਾਂ ਵਾਸਤੇ 205, ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਵਿਚ ਕੁਲ 1,66,489 ਵੋਟਰਾਂ ਵਾਸਤੇ 173 ਅਤੇ ਬਰਨਾਲਾ ਵਿਧਾਨ ਸਭਾ ਹਲਕੇ ਦੇ ਕੁਲ 1,77,305 ਵੋਟਰਾਂ ਵਾਸਤੇ 212 ਪੋਲਿੰਗ ਸਟੇਸ਼ਨ ਤਿਆਰ ਕਰ ਦਿਤੇ ਹਨ। ਉਨ੍ਹਾਂ ਕਿਹਾ ਕਿ 20 ਤਰੀਕ ਨੂੰ ਪੋਲਿੰਗ ਵਾਲੇ ਦਿਨ ਵੋਟਾਂ ਵਾਸਤੇ 7 ਵਜੇ ਤੋਂ ਸ਼ਾਮ 6 ਵਜੇ ਤਕ ਪੈਣਗੀਆਂ ਅਤੇ 85 ਸਾਲ ਦੀ ਉਮਰ ਵਾਲੇ ਤੇ ਵਿਕਲਾਂਗ ਵੋਟਰਾਂ ਲਈ ਘਰੋਂ ਵੋਟ ਪੁਆਉਣ ਦਾ ਪ੍ਰਬੰਧ ਵੀ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸਾਰੇ 831 ਪੋਲਿੰਗ ਸਟੇਸ਼ਨਾਂ ਦੀ ਵੀਡੀਉਗ੍ਰਾਫ਼ੀ ਦਾ ਇੰਤਜ਼ਾਮ ਵੀ ਹੋ ਚੁੱਕਾ ਹੈ।