35 ਆਮ ਆਦਮੀ ਕਲੀਨਿਕ ਦੇ ਰਹੇ 38 ਮੁਫ਼ਤ ਟੈਸਟਾਂ ਅਤੇ 80 ਤਰ੍ਹਾਂ ਦੀਆਂ ਦਵਾਈਆਂ ਦੀ ਸੁਵਿਧਾ
ਜ਼ਿਲ੍ਹੇ ’ਚ 5 ਹੋਰ ਆਮ ਆਦਮੀ ਕਲੀਨਿਕ ਜਲਦ ਹੋਣਗੇ ਸ਼ੁਰੂ
ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ’ਚ ਲਿਆ ਆਮ ਆਦਮੀ ਕਲੀਨਿਕਾਂ ਦੀ ਪ੍ਰਗਤੀ ਦਾ ਜਾਇਜ਼ਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸਥਾਪਿਤ ਆਮ ਆਦਮੀ ਕਲੀਨਿਕ ਹੁਣ ਤੱਕ 11.71 ਲੱਖ ਤੋਂ ਵਧੇਰੇ ਲੋਕਾਂ ਨੂੰ ਤੰਦਰਸੁਤੀ ਦੀ ਨਿਆਮਤ ਦੇ ਚੁੱਕੇ ਹਨ।
ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਨੇ ਆਮ ਆਦਮੀ ਕਲੀਨਿਕਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਪਹਿਲੇ ਪੜਾਅ ’ਚ 14, ਦੂਸਰੇ ਪੜਾਅ ’ਚ 20 ਅਤੇ ਪੰਜਵੇਂ ਪੜਾਅ ’ਚ ਇੱਕ ਆਮ ਆਦਮੀ ਕਲੀਨਿਕ ਖੋਲ੍ਹਿਆ ਗਿਆ ਸੀ। ਇਸ ਤਰ੍ਹਾਂ ਜ਼ਿਲ੍ਹੇ ’ਚ ਕੁੱਲ 35 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਿਹਤ ਜਾਂਚ, ਮੁਫ਼ਤ ਟੈਸਟ ਅਤੇ ਦਵਾਈਆਂ ਦੀ ਸਹੂਲਤ ਦੇ ਰਹੇ ਹਨ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਇਨ੍ਹਾਂ 35 ਆਮ ਆਦਮੀ ਕਲੀਨਿਕਾਂ ’ਚ 11, 71,400 ਵਸਨੀਕ ਆਪਣੀ ਸਿਹਤ ਜਾਂਚ ਕਰਵਾ ਚੁੱਕੇ ਹਨ। ਇਨ੍ਹਾਂ ਕਲੀਨਿਕਾਂ ’ਚ ਇਕੱਲੀ ਸਿਹਤ ਜਾਂਚ ਹੀ ਨਹੀਂ ਬਲਕਿ ਲੋੜੀਂਦੇ 38 ਤਰ੍ਹਾਂ ਦੇ ਮੁਫ਼ਤ ਟੈਸਟ ਵੀ ਉਪਲਬਧ ਕਰਵਾਏ ਜਾਂਦੇ ਹਨ, ਜਿਨ੍ਹਾਂ ਦੀ ਕੋਈ ਫ਼ੀਸ ਨਹੀਂ ਲਈ ਜਾਂਦੀ। ਇਸ ਤੋਂ ਇਲਾਵਾ 80 ਤਰ੍ਹਾਂ ਦੀਆਂ ਦਵਾਈਆਂ, ਕਲੀਨਿਕ ’ਚ ਸਿਹਤ ਜਾਂਚ ਕਰਵਾਉਣ ਆਉਣ ਵਾਲਿਆਂ ਲਈ ਡਾਕਟਰ ਦੀ ਸਲਾਹ ਮੁਤਾਬਕ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਵਧੀਕ ਡਿਪਟੀ ਕਮਿਸ਼ਨਰ ਅਨੁਸਾਰ ਇਨ੍ਹਾਂ ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 2,25,013 ਵਸਨੀਕ ਮੁਫ਼ਤ ਟੈਸਟ ਸੇਵਾਵਾਂ ਹਾਸਲ ਕਰ ਚੁੱਕੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਅਗਲੇ ਦਿਨਾਂ ’ਚ 5 ਨਵੇਂ ਆਮ ਆਦਮੀ ਕਲੀਨਿਕ ਤਿਆਰ ਹੋਣ ਉਪਰੰਤ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ, ਇਨ੍ਹਾਂ ’ਚ ਸਮਗੌਲੀ, ਰਜ਼ਾਪੁਰ, ਦੱਫ਼ਰਪੁਰ, ਬੇਹੜਾ ਅਤੇ ਮਨੌਲੀ ਸੂਰਤ ਸ਼ਾਮਿਲ ਹਨ।
ਏ ਡੀ ਸੀ ਨੇ ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਪੁਰੀ ਨੂੰ ਮੌਜੂਦਾ ਆਮ ਆਦਮੀ ਕਲੀਨਿਕਾਂ ’ਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਨਿਰੰਤਰ ਜਾਇਜ਼ਾ ਲੈਂਦੇ ਰਹਿਣ ਲਈ ਵੀ ਆਖਿਆ ਤਾਂ ਜੋ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਹਾਸਲ ’ਚ ਕੋਈ ਮੁਸ਼ਕਿਲ ਨਾ ਆਵੇ।