Bemetara factory blast: ਛੱਤੀਸਗੜ੍ਹ – ਛੱਤੀਸਗੜ੍ਹ ਦੇ ਬੇਮੇਤਰਾ ਜ਼ਿਲ੍ਹੇ ‘ਚ ਸ਼ਨੀਵਾਰ ਨੂੰ ਵਿਸਫੋਟਕ ਬਣਾਉਣ ਵਾਲੀ ਇਕ ਫੈਕਟਰੀ ‘ਚ ਹੋਏ ਧਮਾਕੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਬੇਰਲਾ ਬਲਾਕ ਦੇ ਪੀਰਦਾ ਪਿੰਡ ਨੇੜੇ ‘ਸਪੈਸ਼ਲ ਬਲਾਸਟਸ ਲਿਮਟਿਡ’ ਨਾਂ ਦੀ ਫੈਕਟਰੀ ‘ਚ ਹੋਇਆ। ਸੂਚਨਾ ਮਿਲਦੇ ਹੀ ਪੁਲਿਸ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਰਾਏਪੁਰ ਦੇ ਲੋਕ ਸੰਪਰਕ ਅਧਿਕਾਰੀ ਸ਼ੁਭਰਾ ਸਿੰਘ ਨੇ ਦੱਸਿਆ ਕਿ ਧਮਾਕੇ ‘ਚ ਜ਼ਖਮੀ ਹੋਏ 6 ਲੋਕਾਂ ਨੂੰ ਇਲਾਜ ਲਈ ਅੰਬੇਡਕਰ ਹਸਪਤਾਲ ਲਿਆਂਦਾ ਗਿਆ, ਜਿਨ੍ਹਾਂ ‘ਚੋਂ 2 ਜ਼ਖਮੀਆਂ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਰਾਏਪੁਰ ਲਿਜਾਇਆ ਗਿਆ।
ਧਮਾਕੇ ਵਾਲੀ ਥਾਂ ਦਾ ਦੌਰਾ ਕਰਨ ਵਾਲੇ ਉਪ ਮੁੱਖ ਮੰਤਰੀ ਅਰੁਣ ਸਾਓ ਨੇ ਕਿਹਾ ਕਿ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਅਤੇ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਸਾਓ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਕ ਵੱਡੀ ਘਟਨਾ ਵਾਪਰੀ ਹੈ। ਐਸ.ਡੀ.ਆਰ.ਐਫ. ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ।
ਐਸਡੀਆਰਐਫ ਦੀ ਟੀਮ ਮਲਬਾ ਹਟਾਉਣ ਵਿਚ ਲੱਗੀ ਹੋਈ ਹੈ। ਮਲਬਾ ਹਟਾਉਣ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ। ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈ ਸਾਡੇ ਅਤੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹਨ। ’’ ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਇਸ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਜ਼ਖਮੀਆਂ ਨੂੰ ਅੰਬੇਡਕਰ ਹਸਪਤਾਲ ਰਾਏਪੁਰ ਅਤੇ ਏਮਜ਼ ਰਾਏਪੁਰ ਵਿਚ ਦਾਖਲ ਕਰਵਾਇਆ ਗਿਆ ਹੈ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਜ਼ਖਮੀਆਂ ਦਾ ਇਲਾਜ ਵੀ ਸਰਕਾਰ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਫੈਕਟਰੀ ਮਾਲਕ ਪੀੜਤਾਂ ਨੂੰ ਮੁਆਵਜ਼ਾ ਦੇਣ। ਗੁਆਂਢੀ ਦੁਰਗ ਜ਼ਿਲ੍ਹੇ ਤੋਂ ਐਸਡੀਆਰਐਫ ਟੀਮ ਦੇ ਇੰਚਾਰਜ ਈਸ਼ਵਰ ਖਰੇ ਨੇ ਦੱਸਿਆ ਕਿ ਉਨ੍ਹਾਂ ਦੀ 13 ਮੈਂਬਰੀ ਟੀਮ ਧਮਾਕੇ ਵਾਲੀ ਥਾਂ ‘ਤੇ ਬਚਾਅ ਕਾਰਜਾਂ ‘ਚ ਲੱਗੀ ਹੋਈ ਹੈ।
ਇਕ ਵਿਸਫੋਟਕ ਫੈਕਟਰੀ ਵਿਚ ਹੋਏ ਧਮਾਕੇ ਵਿਚ ਇਕ ਦੋ ਮੰਜ਼ਿਲਾ ਇਮਾਰਤ ਢਹਿ ਗਈ। ਕੁਝ ਲੋਕ ਮਲਬੇ ਹੇਠ ਦੱਬੇ ਹੋ ਸਕਦੇ ਹਨ। ਤਲਾਸ਼ੀ ਮੁਹਿੰਮ ਜਾਰੀ ਹੈ। ’’
ਉਨ੍ਹਾਂ ਕਿਹਾ ਕਿ ਧਮਾਕੇ ਨੇ 30-40 ਫੁੱਟ ਡੂੰਘਾ ਖੱਡਾ ਛੱਡ ਦਿੱਤਾ ਅਤੇ ਸਾਰਾ ਮਲਬਾ ਸਾਫ਼ ਹੋਣ ਤੋਂ ਬਾਅਦ ਹੀ ਜਾਨੀ ਨੁਕਸਾਨ ਦੇ ਵੇਰਵਿਆਂ ਦਾ ਪਤਾ ਲੱਗ ਸਕੇਗਾ।
ਫੈਕਟਰੀ ਦੇ ਨਾਲ ਲੱਗਦੇ ਬੋਰਸੀ ਪਿੰਡ ਦੇ ਵਸਨੀਕ ਰਾਜ ਕੁਮਾਰ ਯਾਦਵ ਨੇ ਦੱਸਿਆ ਕਿ ਫੈਕਟਰੀ ‘ਚ ਕੰਮ ਕਰਨ ਵਾਲਾ ਉਸ ਦਾ 20 ਸਾਲਾ ਬੇਟਾ ਧਮਾਕੇ ਤੋਂ ਬਾਅਦ ਲਾਪਤਾ ਹੈ।
“ਜਦੋਂ ਮੈਂ ਆਪਣੇ ਘਰ ਸੀ, ਤਾਂ ਮੈਂ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਮੈਂ ਛੱਤ ‘ਤੇ ਚੜ੍ਹ ਗਿਆ ਅਤੇ ਫੈਕਟਰੀ ਵਿੱਚੋਂ ਧੂੰਆਂ ਨਿਕਲਦਾ ਦੇਖਿਆ। ਜਦੋਂ ਮੈਂ ਆਪਣੇ ਬੇਟੇ ਨਾਲ ਸੰਪਰਕ ਨਹੀਂ ਕਰ ਸਕਿਆ, ਤਾਂ ਮੈਂ ਪਿੰਡ ਦੇ ਹੋਰ ਲੋਕਾਂ ਨੂੰ ਬੁਲਾਇਆ ਜੋ ਉੱਥੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਧਮਾਕਾ ਹੋਇਆ ਅਤੇ ਕਈ ਲੋਕ ਫਸੇ ਹੋਏ ਹਨ। ਮੇਰਾ ਬੇਟਾ ਅਜੇ ਵੀ ਲਾਪਤਾ ਹੈ। ’’
ਕੁਝ ਚਸ਼ਮਦੀਦਾਂ ਨੇ ਸਥਾਨਕ ਨਿਊਜ਼ ਚੈਨਲਾਂ ਨੂੰ ਦੱਸਿਆ ਕਿ ਧਮਾਕੇ ਦੇ ਸਮੇਂ ਫੈਕਟਰੀ ਵਿਚ ਘੱਟੋ ਘੱਟ 100 ਲੋਕ ਕੰਮ ਕਰ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਕਈ ਲੋਕ ਲਾਪਤਾ ਹਨ ਅਤੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਇਲਾਕੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਧਮਾਕੇ ਦਾ ਅਸਰ ਲਗਭਗ ਚਾਰ ਕਿਲੋਮੀਟਰ ਦੇ ਘੇਰੇ ਵਿਚ ਮਹਿਸੂਸ ਕੀਤਾ ਗਿਆ। ਇਹ ਘਟਨਾ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਇੱਕ ਕੈਮੀਕਲ ਫੈਕਟਰੀ ਵਿਚ ਹੋਏ ਧਮਾਕੇ ਤੋਂ ਕੁਝ ਦਿਨ ਬਾਅਦ ਵਾਪਰੀ ਹੈ, ਜਿਸ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ 60 ਤੋਂ ਵੱਧ ਜ਼ਖਮੀ ਹੋ ਗਏ ਸਨ।