ਚੰਡੀਗੜ੍ਹ: ਫ਼ਿਰੋਜ਼ਪੁਰ ਨੇੜੇ ਇਕ ਪਿੰਡ ਵਿੱਚ ਵਿਆਹ ਸਮਾਗਮ ਦੌਰਾਨ ਕਿਸੇ ਰਿਸ਼ਤੇਦਾਰ ਵਲੋਂ ਕੀਤੇ ਹਵਾਈ ਫਾਇਰ ਦੌਰਾਨ ਗੋਲੀ ਲਾੜੀ ਨੂੰ ਜਾ ਵੱਜੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਇਸ ਘਟਨਾ ‘ਤੇ ਚਿੰਤਾ ਜ਼ਾਹਿਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ (Punjab CM) ਭਗਵੰਤ ਮਾਨ ਨੇ ਟਵੀਟ ਕੀਤਾ ਹੈ।
ਉਨਾਂ ਕਿਹਾ ਕਿ “ਫਿਰੋਜ਼ਪੁਰ ਤੋਂ ਇੱਕ ਨਵੀਂ ਵਿਆਹੀ ਕੁੜੀ ਨੂੰ ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ, ਸੁਣ ਕੇ ਬਹੁਤ ਦੁੱਖ ਲੱਗਿਆ ਕਿ ਪੰਜਾਬੀ ਕਿਹੜੇ ਰਾਹੇ ਤੁਰ ਪਏ ਨੇ, ਪੰਜਾਬੀਓ ਖੁਸ਼ੀ ਕਿਸੇ ਹੋਰ ਤਰੀਕੇ ਨਾਲ ਵੀ ਮਨਾਈ ਜਾ ਸਕਦੀ ਹੈ, ਵੈਸੇ ਵੀ ਹਥਿਆਰਾਂ ਦੀ ਵਿਆਹ ਸ਼ਾਦੀਆਂ ਦੇ ਮੌਕੇ ਚਲਾਉਣ ਦੀ ਮਨਾਹੀ ਹੈ, ਪਰ ਇਸਦੇ ਬਾਵਜੂਦ ਅਸੀਂ ਅਨੇਕਾਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣਿਆਂ ਦਾ ਹੀ ਲਹੂ ਵਹਾਅ ਰਹੇ ਹਾਂ, ਸੋਚੋ ਤੇ ਵਿਚਾਰ ਕਰੋ ਕਿ ਜਿਸ ਘਰ ਦੇ ਵਿਹੜੇ ‘ਚ ਜਿੱਥੇ ਸ਼ਗਨਾਂ ਦੇ ਗੀਤ ਚੱਲ ਰਹੇ ਸੀ ਉੱਥੇ ਪਲਾਂ ‘ਚ ਧਾਹਾਂ ਵੱਜਣ ਲੱਗ ਗਈਆਂ,ਅਰਦਾਸ ਕਰਦਾਂ ਹਾਂ ਕਿ ਕੁੜੀ ਦੀ ਜਾਨ ਬਚ ਜਾਵੇ”