ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਸੋਮਵਾਰ ਨੂੰ ਪੰਜਾਬ ਕੈਬਨਿਟ (Punjab Cabinet Reshuffle) ਦਾ ਵਿਸਥਾਰ ਕੀਤਾ ਹੈ। ਪੰਜਾਬ ਕੈਬਨਿਟ ‘ਚ 5 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਜਿਨ੍ਹਾਂ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਜ ਭਵਨ ਵਿੱਚ ਇੱਕ ਸਾਦੇ ਸਮਾਗਮ ਦੌਰਾਨ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ ਹੈ।
5 ਵਿਧਾਇਕਾਂ ਨੇ ਕੈਬਨਿਟ ਮੰਤਰੀਆਂ ਵਜੋਂ ਚੁੱਕੀ ਸਹੁੰ
ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ, ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ, ਸ਼ਾਮਚੁਰਾਸੀ ਦੇ ਵਿਧਾਇਕ ਡਾ.ਰਵਜੋਤ ਸਿੰਘ, ਜਲੰਧਰ ਤੋਂ ਵਿਧਾਇਕ ਮਹਿੰਦਰ ਭਗਤ ਅਤੇ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆ ਨੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ।
ਚਾਰ ਮੰਤਰੀਆਂ ਨੇ ਮੰਤਰੀ ਮੰਡਲ ਤੋਂ ਦਿੱਤਾ ਅਸਤੀਫਾ
ਇਸ ਤੋਂ ਪਹਿਲਾਂ ਚਾਰ ਮੰਤਰੀਆਂ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ। ਜਿਨ੍ਹਾਂ ਮੰਤਰੀਆਂ ਨੇ ਅਸਤੀਫਾ ਦਿੱਤਾ ਹੈ, ਉਨ੍ਹਾਂ ‘ਚ ਬਲਕੌਰ ਸਿੰਘ, ਚੇਤਨ ਸਿੰਘ ਜੋੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਸ਼ਾਮਲ ਹਨ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਅਸਤੀਫੇ ਕਾਰਨ ਮੰਤਰੀ ਮੰਡਲ ਦੀ ਇੱਕ ਸੀਟ ਪਹਿਲਾਂ ਹੀ ਖਾਲੀ ਸੀ।
ਹਾਲਾਂਕਿ ਪੰਜਾਬ ਸਰਕਾਰ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਹ ਬਦਲਾਅ ਕਿਉਂ ਕੀਤੇ ਗਏ ਹਨ। ਇਸ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਉਪ ਚੋਣਾਂ ਅਤੇ ਪੰਚਾਇਤੀ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਵਿੱਚ ਮੰਤਰੀ ਮੰਡਲ ਵਿੱਚ ਫੇਰਬਦਲ ਹੋਇਆ ਸੀ।
30 ਮਹੀਨਿਆਂ ‘ਚ ਚੌਥੀ ਵਾਰ ਮੰਤਰੀ ਮੰਡਲ ਦਾ ਵਿਸਥਾਰ
ਭਗਵੰਤ ਮਾਨ ਦੀ 30 ਮਹੀਨੇ ਪੁਰਾਣੀ ਸਰਕਾਰ ਵਿੱਚ ਇਹ ਚੌਥਾ ਮੰਤਰੀ ਮੰਡਲ ਦਾ ਵਿਸਥਾਰ ਹੈ। ਪੰਜਾਬ ਵਿਧਾਨ ਸਭਾ ਵਿੱਚ ਕੁੱਲ 117 ਮੈਂਬਰ ਹਨ। ਇਸ ਤੋਂ ਪਹਿਲਾਂ ਮੰਤਰੀ ਮੰਡਲ ਵਿੱਚ ਸੀਐਮ ਮਾਨ ਸਮੇਤ 15 ਮੰਤਰੀ ਸਨ ਪਰ ਹੁਣ ਨਵੇਂ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਮੰਤਰੀ ਮੰਡਲ ਵਿੱਚ ਮੈਂਬਰਾਂ ਦੀ ਗਿਣਤੀ 16 ਹੋ ਗਈ ਹੈ।
ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿੰਦਰ ਭਗਤ ਨੂੰ ਮੰਤਰੀ ਬਣਾ ਕੇ ਜਲੰਧਰ ਵਾਸੀਆਂ ਨੂੰ ਰਿਟਰਨ ਤੋਹਫਾ ਦਿੱਤਾ ਹੈ। ਕਿਉਂਕਿ ਜ਼ਿਮਨੀ ਚੋਣ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਮਹਿੰਦਰ ਭਗਤ ਨੂੰ ਵਿਧਾਇਕ ਬਣਾਉਂਦੇ ਹੋ ਤਾਂ ਉਹ ਖੁਦ ਉਨ੍ਹਾਂ ਨੂੰ ਮੰਤਰੀ ਬਣਾ ਦੇਣਗੇ।