ਸਾਬਕਾ ਭਾਰਤੀ ਕ੍ਰਿਕਟਰ ਅਤੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਅੰਮ੍ਰਿਤਸਰ ਹਵਾਈ ਅੱਡੇ ਦੇ ਵਿਸਥਾਰ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸੰਸਦ ਮੈਂਬਰ ਨੇ ਏਅਰਪੋਰਟ ‘ਤੇ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਨੂੰ ਜਾਣ ਵਾਲੀਆਂ ਫਲਾਈਟਾਂ ਦੀ ਗਿਣਤੀ ਵਧਾਉਣ ਦੀ ਗੱਲ ਵੀ ਕਹੀ।
ਹਰਭਜਨ ਸਿੰਘ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਅਸੀਂ ਆਪਣੀ ਗੱਲ ਪੇਸ਼ ਕਰਨ ਲਈ ਪਿਛਲੇ ਤਿੰਨ ਦਿਨਾਂ ਤੋਂ ਸਿਫ਼ਰ ਕਾਲ ‘ਤੇ ਨੋਟਿਸ ਜਾਰੀ ਕੀਤਾ ਹੈ। ਪਰ ਸਾਨੂੰ ਮੌਕਾ ਨਹੀਂ ਮਿਲਿਆ, ‘ਆਪ’ ਦੇ ਸੰਸਦ ਮੈਂਬਰ ਨੇ ਕਿਹਾ ਕਿ ਮੇਰਾ ਮੁੱਦਾ ਇਹ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ ਦੇ ਟਰਮੀਨਲ ਦਾ ਵਿਸਥਾਰ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇੱਥੋਂ ਅਮਰੀਕਾ ਜਾਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਮਿਲ ਸਕਣ।
ਇਸ ਸਮੇਂ ਪੰਜਾਬ ਦੇ ਵਸਨੀਕਾਂ ਨੂੰ ਇਨ੍ਹਾਂ ਦੇਸ਼ਾਂ ਦੀਆਂ ਉਡਾਣਾਂ ਲੈਣ ਲਈ ਦਿੱਲੀ ਜਾਣਾ ਪੈਂਦਾ ਹੈ। ਜਿਸ ਕਾਰਨ ਉਨ੍ਹਾਂ ਦਾ ਬਹੁਤ ਸਾਰਾ ਸਮਾਂ ਅਤੇ ਪੈਸਾ ਬਰਬਾਦ ਹੁੰਦਾ ਹੈ।
ਰਾਜ ਸਭਾ ਮੈਂਬਰ ਨੇ ਕਿਹਾ ਕਿ ਹਾਲ ਹੀ ਵਿੱਚ ਭਾਰਤ ਅਤੇ ਕੈਨੇਡਾ ਦਰਮਿਆਨ ਇੱਕ ਸਮਝੌਤਾ ਹੋਇਆ ਸੀ, ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਭਾਰਤ ਤੋਂ ਕੈਨੇਡਾ ਲਈ ਕਈ ਉਡਾਣਾਂ ਚਲਾਈਆਂ ਜਾਣਗੀਆਂ। ਪਰ ਅੰਮ੍ਰਿਤਸਰ ਦਾ ਨਾਂ ਇਸ ਸੂਚੀ ਵਿੱਚ ਨਹੀਂ ਸੀ। ਪੰਜਾਬ ਦੇ 10 ਲੱਖ ਲੋਕ ਕੈਨੇਡਾ ਵਿੱਚ ਵਸੇ ਹੋਏ ਹਨ। ਅਜਿਹੇ ‘ਚ ਫਲਾਈਟਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਅਤੇ ਟਰਮੀਨਲ ਦਾ ਵਿਸਥਾਰ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੀਤੀ ਆਯੋਗ ‘ਚ ਹਿੱਸਾ ਨਾ ਲੈਣ ‘ਤੇ ਹਰਭਜਨ ਸਿੰਘ ਨੇ ਕਿਹਾ ਕਿ ਕਈ ਨੇਤਾ ਇਸ ‘ਚ ਹਿੱਸਾ ਨਹੀਂ ਲੈ ਰਹੇ ਹਨ। ਉਨ੍ਹਾਂ ਇਸ ਦਾ ਕਾਰਨ ਬਜਟ ਨੂੰ ਦੱਸਿਆ। ਸੰਸਦ ਮੈਂਬਰ ਨੇ ਕਿਹਾ ਕਿ ਬਜਟ ਤਸੱਲੀਬਖਸ਼ ਨਹੀਂ ਹੈ।
ਇਹ ਬਿਲਕੁਲ ਸਹੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਕਈ ਚੀਜ਼ਾਂ ਚੰਗੀਆਂ ਹੋ ਸਕਦੀਆਂ ਸਨ। ਕੀਮਤਾਂ ਵਧਦੀਆਂ ਰਹਿੰਦੀਆਂ ਹਨ। ਇੱਥੋਂ ਤੱਕ ਕਿ ਬਜਟ ਵਿੱਚ ਲੋਕਾਂ ਦੀਆਂ ਬੁਨਿਆਦੀ ਲੋੜਾਂ ਦਾ ਵੀ ਧਿਆਨ ਨਹੀਂ ਰੱਖਿਆ ਗਿਆ, ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਨੂੰ ਕੁਝ ਨਹੀਂ ਮਿਲਿਆ।