ਨਵੀਂ ਦਿੱਲੀ: ਦਿੱਲੀ ਹਵਾਈ ਅੱਡੇ ਦੇ ਟਰਮੀਨਲ-1 ’ਤੇ ਪਹੁੰਚਣ ਵਾਲੇ ਅਤੇ ਟਰਮੀਨਲ-3 ਤੋਂ ਦੂਜੀ ਉਡਾਣ ’ਚ ਸਵਾਰ ਹੋਣ ਵਾਲੇ ਮੁਸਾਫ਼ਰਾਂ ਨੂੰ ਜਲਦ ਹੀ ਅਪਣਾ ਚੈੱਕ-ਇਨ ਸਾਮਾਨ ਨਹੀਂ ਲਿਜਾਣਾ ਪਵੇਗਾ।
ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੀ ਕੰਪਨੀ ਡਾਇਲ ਮੁਸਾਫ਼ਰਾਂ ਦੇ ਸਾਮਾਨ ਨੂੰ ਅੰਦਰ ਹੀ ਤਬਦੀਲ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਦਸਿਆ ਕਿ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡੀ.ਆਈ.ਏ.ਐਲ.) ਇਸ ਸਬੰਧ ’ਚ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀ.ਸੀ.ਏ.ਐਸ.) ਤੋਂ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ। ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਮੁਸਾਫ਼ਰਾਂ ਦੇ ਚੈੱਕ-ਇਨ ਸਾਮਾਨ ਨੂੰ ਟਰਮੀਨਲ 1 ਤੋਂ ਟਰਮੀਨਲ 3 ਦੇ ਵਿਚਕਾਰ ਅੰਦਰੋ-ਅੰਦਰ ਤਬਦੀਲ ਕਰ ਦਿਤਾ ਜਾਵੇਗਾ।
ਅਧਿਕਾਰੀਆਂ ਨੇ ਦਸਿਆ ਕਿ ਇਸੇ ਤਰ੍ਹਾਂ ਕੌਮਾਂਤਰੀ ਉਡਾਣਾਂ ’ਚ ਮੁਸਾਫ਼ਰਾਂ ਲਈ ਟੀ-3 ਤੋਂ ਟੀ-1 ’ਚ ਇਨ-ਫਲਾਈਟ ਟ੍ਰਾਂਸਫਰ ’ਤੇ ਵੀ ਵਿਚਾਰ ਕੀਤਾ ਜਾਵੇਗਾ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਈ.ਜੀ.ਆਈ.ਏ.) ਦੇ ਟਰਮੀਨਲ 3 ਤੋਂ ਕੌਮਾਂਤਰੀ ਉਡਾਣਾਂ ਚੱਲਦੀਆਂ ਹਨ। ਨਵੀਂ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਮੁਸਾਫ਼ਰਾਂ ਨੂੰ ਟਰਮੀਨਲ-3 ਤੋਂ ਕਨੈਕਟਿੰਗ ਫਲਾਈਟ ਲੈਂਦੇ ਸਮੇਂ ਅਪਣਾ ਸਾਮਾਨ ਨਹੀਂ ਲਿਜਾਣਾ ਪਵੇਗਾ।