ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਣੀ ਗ੍ਰਿਫਤਾਰੀ ਤੋਂ ਕੁੱਝ ਮਹੀਨੇ ਪਹਿਲਾਂ ਹੀ ਇਨਸੁਲਿਨ ਦੇ ਟੀਕੇ ਲਗਵਾਉਣੇ ਬੰਦ ਕਰ ਦਿਤੇ ਸਨ ਅਤੇ ਉਹ ਸ਼ੂਗਰ ਰੋਕੂ ਦਵਾਈ ਲੈ ਰਹੇ ਸਨ। ਅਧਿਕਾਰੀਆਂ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਵਲੋਂ ਉਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਭੇਜੀ ਗਈ ਇਕ ਰੀਪੋਰਟ ਦਾ ਹਵਾਲਾ ਦਿੰਦੇ ਹੋਏ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ ਗਈ।
ਇਸ ਦੇ ਜਵਾਬ ’ਚ ਆਮ ਆਦਮੀ ਪਾਰਟੀ (ਆਪ) ਦੀ ਨੇਤਾ ਆਤਿਸ਼ੀ ਨੇ ਕਿਹਾ ਕਿ ਰੀਪੋਰਟ ਨੇ ਭਾਜਪਾ ਦੀ ਸਾਜ਼ਸ਼ ਦਾ ਪਰਦਾਫਾਸ਼ ਕਰ ਦਿਤਾ ਹੈ। ਉਨ੍ਹਾਂ ਸਵਾਲ ਕੀਤਾ, ‘‘ਭਾਜਪਾ ਦੇ ਇਸ਼ਾਰੇ ’ਤੇ ਕੇਜਰੀਵਾਲ ਨੂੰ ਜੇਲ੍ਹ ’ਚ ਮਾਰਨ ਦੀ ਸਾਜ਼ਸ਼ ਰਚੀ ਜਾ ਰਹੀ ਹੈ। ਮੁੱਖ ਮੰਤਰੀ 12 ਸਾਲਾਂ ਤੋਂ ਇਨਸੁਲਿਨ ਲੈ ਰਹੇ ਹਨ, ਤਿਹਾੜ ਪ੍ਰਸ਼ਾਸਨ ਨੂੰ ਉਨ੍ਹਾਂ ਨੂੰ ਇਨਸੁਲਿਨ ਦੇਣ ’ਚ ਕੀ ਸਮੱਸਿਆ ਹੈ?’’ ਦਿੱਲੀ ਦੀ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਜੇਲ੍ਹ ਜਾਣ ਤੋਂ ਪਹਿਲਾਂ ਕੇਜਰੀਵਾਲ ਰੋਜ਼ਾਨਾ 50 ਯੂਨਿਟ ਇਨਸੁਲਿਨ ਲੈਂਦੇ ਸਨ।
ਤਿਹਾੜ ਪ੍ਰਸ਼ਾਸਨ ਦੀਆਂ ਰੀਪੋਰਟਾਂ ਦਾ ਹਵਾਲਾ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਕੇਜਰੀਵਾਲ ਨੇ ਕੁੱਝ ਮਹੀਨੇ ਪਹਿਲਾਂ ਇਨਸੁਲਿਨ ਦੇ ਟੀਕੇ ਲੈਣੇ ਬੰਦ ਕਰ ਦਿਤੇ ਸਨ ਅਤੇ ਗ੍ਰਿਫਤਾਰੀ ਦੇ ਸਮੇਂ ਉਹ ‘ਮੈਟਫੋਰਮਿਨ’ ਨਾਂ ਦੀ ਇਕ ਸਾਧਾਰਨ ਸ਼ੂਗਰ ਰੋਕੂ ਗੋਲੀ ਲੈ ਰਹੇ ਸਨ। ਕੇਜਰੀਵਾਲ ਤੇਲੰਗਾਨਾ ਦੇ ਇਕ ਨਿੱਜੀ ਡਾਕਟਰ ਤੋਂ ਸ਼ੂਗਰ ਦਾ ਇਲਾਜ ਕਰਵਾ ਰਹੇ ਹਨ।
ਰੀਪੋਰਟ ’ਚ ਕਿਹਾ ਗਿਆ ਹੈ ਕਿ ਤਿਹਾੜ ਜੇਲ ’ਚ ਸਿਹਤ ਜਾਂਚ ਦੌਰਾਨ ਕੇਜਰੀਵਾਲ ਨੇ ਡਾਕਟਰਾਂ ਨੂੰ ਦਸਿਆ ਕਿ ਉਹ ਪਿਛਲੇ ਕੁੱਝ ਸਾਲਾਂ ਤੋਂ ਇਨਸੁਲਿਨ ਲੈ ਰਹੇ ਸਨ ਅਤੇ ਕੁੱਝ ਮਹੀਨੇ ਪਹਿਲਾਂ ਉਨ੍ਹਾਂ ਨੇ ਇਨਸੁਲਿਨ ਲੈਣੀ ਬੰਦ ਕਰ ਦਿਤੀ ਸੀ। ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ 21 ਮਾਰਚ ਨੂੰ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ। ਉਹ 1 ਅਪ੍ਰੈਲ ਤੋਂ ਤਿਹਾੜ ਜੇਲ੍ਹ ’ਚ ਬੰਦ ਹੈ।
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਰਾਮ ਮਨੋਹਰ ਲੋਹੀਆ (ਆਰ.ਐਮ.ਐਲ.) ਹਸਪਤਾਲ ਦੇ ਮੈਡੀਕਲ ਰੀਕਾਰਡ ਅਨੁਸਾਰ ਕੇਜਰੀਵਾਲ ਨੂੰ ‘ਨਾ ਤਾਂ ਕੋਈ ਇਨਸੁਲਿਨ ਤਜਵੀਜ਼ ਕੀਤੀ ਗਈ ਸੀ ਅਤੇ ਨਾ ਹੀ ਇਨਸੁਲਿਨ ਦੀ ਕੋਈ ਜ਼ਰੂਰਤ ਦੱਸੀ ਗਈ ਸੀ।’ ਮੁੱਖ ਮੰਤਰੀ ਦੀ ਸਿਹਤ ਦੀ ਸਮੀਖਿਆ 10 ਅਤੇ 15 ਅਪ੍ਰੈਲ ਨੂੰ ਇਕ ਮਾਹਰ ਵਲੋਂ ਕੀਤੀ ਗਈ ਸੀ।
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਮਾਹਰ ਨੇ ਉਨ੍ਹਾਂ ਨੂੰ ਡਾਇਬਿਟੀਜ਼ ਰੋਕੂ ਦਵਾਈਆਂ ਲੈਣ ਦੀ ਸਲਾਹ ਦਿਤੀ ਸੀ ਅਤੇ ਇਹ ਕਹਿਣਾ ਗਲਤ ਹੈ ਕਿ ਕੇਜਰੀਵਾਲ ਨੂੰ ਇਲਾਜ ਦੌਰਾਨ ਕਿਸੇ ਵੀ ਸਮੇਂ ਇਨਸੁਲਿਨ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਸੀ। ਕੇਜਰੀਵਾਲ ਦੀ ਜਾਂਚ ਤੋਂ ਬਾਅਦ ਡਰੱਗ ਮਾਹਰ ਨੇ ਕਿਹਾ ਕਿ ਵਿਚਾਰ ਅਧੀਨ ਕੈਦੀ (ਕੇਜਰੀਵਾਲ) ਦੀ ਸਿਹਤ ਦੇ ਸਾਰੇ ਪਹਿਲੂਆਂ ਅਤੇ ਮਹੱਤਵਪੂਰਨ ਚੀਜ਼ਾਂ ਨੂੰ ਧਿਆਨ ਵਿਚ ਰਖਦੇ ਹੋਏ ਕਿਉਂਕਿ ਉਹ ਨਿਆਂਇਕ ਹਿਰਾਸਤ ਵਿਚ ਹੈ, ਉਨ੍ਹਾਂ ਦਾ ਬਲੱਡ ਸ਼ੂਗਰ ਪੱਧਰ ਚਿੰਤਾਜਨਕ ਨਹੀਂ ਹੈ ਅਤੇ ਇਸ ਸਮੇਂ ਇਨਸੁਲਿਨ ਟੀਕੇ ਦੀ ਜ਼ਰੂਰਤ ਨਹੀਂ ਹੈ।
ਤਿਹਾੜ ਪ੍ਰਸ਼ਾਸਨ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਨੂੰ ਲਿਖੀ ਚਿੱਠੀ ’ਚ ਕੇਜਰੀਵਾਲ ਲਈ ਖੁਰਾਕ ਯੋਜਨਾ ਤਿਆਰ ਕਰਨ ਦੀ ਬੇਨਤੀ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਕੇਜਰੀਵਾਲ ਨਿਯਮਿਤ ਤੌਰ ’ਤੇ ਉੱਚ ਕੋਲੈਸਟਰੋਲ ਵਾਲੀਆਂ ਚੀਜ਼ਾਂ ਜਿਵੇਂ ਮਠਿਆਈਆਂ, ਲੱਡੂ, ਕੇਲੇ, ਅੰਬ, ਫਲਾਂ ਦੀ ਚਾਟ, ਤਲਿਆ ਹੋਇਆ ਭੋਜਨ, ਨਮਕੀਨ, ਭੁਜੀਆ, ਮਿੱਠੀ ਚਾਹ, ਪੁਰੀ-ਆਲੂ, ਅਚਾਰ ਦਾ ਸੇਵਨ ਕਰ ਰਹੇ ਹਨ।
ਰੀਪੋਰਟ ’ਚ ਕਿਹਾ ਗਿਆ ਹੈ ਕਿ ਏਮਜ਼ ਵਲੋਂ ਪ੍ਰਦਾਨ ਕੀਤੀ ਗਈ ਖੁਰਾਕ ਯੋਜਨਾ ਅਜਿਹੇ ਜ਼ਿਆਦਾਤਰ ਭੋਜਨਾਂ ਦੇ ਸੇਵਨ ਤੋਂ ਸਖਤੀ ਨਾਲ ਪਰਹੇਜ਼ ਕਰਨ ਦੀ ਸਲਾਹ ਦਿੰਦੀ ਹੈ। ਤਿਹਾੜ ਪ੍ਰਸ਼ਾਸਨ ਦੇ ਅਨੁਸਾਰ, ਕੇਜਰੀਵਾਲ ਨੂੰ ਅਪਣੇ ਖਾਣੇ ’ਚ ਰੋਜ਼ ਸਿਰਫ 20 ਮਿਲੀਲੀਟਰ ਤੇਲ ਦੀ ਖਪਤ ਕਰਨ ਦੀ ਇਜਾਜ਼ਤ ਹੈ।
ਤਿਹਾੜ ਪ੍ਰਸ਼ਾਸਨ ਨੇ ਕਿਹਾ ਹੈ ਕਿ ਸਰਕਾਰੀ ਸਰਕੂਲਰ ਅਨੁਸਾਰ ਕੇਜਰੀਵਾਲ ਨੂੰ ਕਿਸੇ ਵੀ ਨਿੱਜੀ ਹਸਪਤਾਲ ’ਚ ਤਬਦੀਲ ਨਹੀਂ ਕੀਤਾ ਜਾ ਸਕਦਾ, ਹਾਲਾਂਕਿ ਕੇਜਰੀਵਾਲ ਅਪਣੇ ਡਾਕਟਰ ਨਾਲ ਵੀਡੀਉ ਕਾਨਫਰੰਸਿੰਗ ਦੀ ਮੰਗ ਕਰ ਰਹੇ ਹਨ। ਅਧਿਕਾਰੀਆਂ ਨੇ ਦਸਿਆ ਕਿ ਪ੍ਰਸ਼ਾਸਨ ਨੇ ਅਪਣੀ ਰੀਪੋਰਟ ’ਚ ਕਿਹਾ ਹੈ ਕਿ ਜੇਲ ਡਿਸਪੈਂਸਰੀ ’ਚ ਇਨਸੁਲਿਨ ਕਾਫੀ ਮਾਤਰਾ ’ਚ ਉਪਲਬਧ ਹੈ ਅਤੇ ਲੋੜ ਪੈਣ ’ਤੇ ਕੇਜਰੀਵਾਲ ਨੂੰ ਇਨਸੁਲਿਨ ਦਿਤੀ ਜਾਵੇਗੀ।